ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) - ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਰਮੇਸ਼ ਸਿੰਘ ਖਾਲਸਾ ਵਲੋਂ ਵਾਸ਼ਿੰਗਟਨ ਡੀ. ਸੀ. ਅਮਰੀਕਾ ਦੌਰੇ ਸਮੇਂ ਇੱਕ ਅਹਿਮ ਮੀਟਿੰਗ ਪਾਕਿਸਤਾਨ ਦੇ ਅੰਬੈਸਡਰ ਅਜ਼ਾਜ ਅਹਿਮਦ ਚੌਧਰੀ ਨਾਲ ਪਾਕਿਸਤਾਨ ਅੰਬੈਸੀ ਵਿੱਚ ਹੋਈ ਹੈ। ਜਿੱਥੇ ਰਮੇਸ਼ ਸਿੰਘ ਜੀ ਨੇ ਪ੍ਰਵਾਸੀ ਸਿੱਖਾਂ ਦੇ ਮਸਲੇ ਅਤੇ ਉਨ੍ਹਾਂ ਨੂੰ ਪਾਕਿਸਤਾਨ ਵੀਜ਼ਾ ਸਬੰਧੀ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹ ਮਿਲਣੀ ਉਨ੍ਹਾਂ ਦੀ ਬਹੁਤ ਹੀ ਅਹਿਮ ਅਤੇ ਪ੍ਰਭਾਵੀ ਰਹੀ ਹੈ। ਜਿਸ ਵਿੱਚ ਉਨ੍ਹਾਂ ਪ੍ਰਵਾਸੀ ਸੰਗਤਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਵਲੋਂ ਅੰਬੈਸੀ ਪ੍ਰਤੀ ਗਿਲੇ ਸ਼ਿਕਵਿਆਂ ਨੂੰ ਅੰਬੈਸਡਰ ਨਾਲ ਸਾਂਝਿਆ ਕੀਤਾ। ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਪ੍ਰਵਾਸੀ ਭਾਈਚਾਰਾ ਖਾਸ ਤੌਰ ਤੇ ਨਾਨਕ ਨਾਮ ਲੇਵਾ ਆਪਣੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪਹੁੰਚ ਵੀਜ਼ਾ ਦਿੱਤਾ ਜਾਵੇ। ਜਿਸ ਸਬੰਧੀ ਉਹ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਹਨ। ਕਿਉਂਕਿ ਪ੍ਰਵਾਸ ਵਿੱਚ ਲੋਕ ਬਹੁਤ ਰੁੱਝੇ ਹੋਏ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਤੁਰੰਤ ਵੀਜ਼ਾ ਮਿਲੇ ਤਾਂ ਜੋ ਉਹ ਆਪਣੇ ਮੱਕੇ ਦੇ ਦਰਸ਼ਨ ਕਰ ਸਕਣ। ਦੂਜਾ ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਅੰਬੈਸੀ ਵਿੱਚ ਵੀਜ਼ਾ ਦਰਖਾਸਤ ਦਿੰਦੇ ਹਨ ਉਨ੍ਹਾਂ ਨੂੰ ਪੰਦਰਾਂ-ਪੰਦਰਾਂ ਦਿਨ ਇੰਤਜ਼ਾਰ ਕਰਨੀ ਪੈਂਦੀ ਹੈ। ਜਿਸ ਕਰਕੇ ਉਨ੍ਹਾਂ ਦਾ ਛੁੱਟੀ ਦਾ ਅਰਸਾ ਖਤਮ ਹੋ ਜਾਂਦਾ ਹੈ, ਸੋ ਵੀਜ਼ੇ ਦਾ ਫੈਸਲਾ ਤਿੰਨ ਦਿਨਾਂ ਦੇ ਅੰਦਰ ਲਿਆ ਜਾਵੇ ਤਾਂ ਜੋ ਪ੍ਰਵਾਸੀ ਆਪਣੀਆਂ ਛੁੱਟੀਆਂ ਦੀ ਸਹੀ ਵਰਤੋਂ ਕਰ ਸਕਣ।
ਏਥੇ ਇਹ ਵੀ ਗੱਲ ਕੀਤੀ ਗਈ ਕਿ ਸਿੱਖਾਂ ਦਾ ਵਿਸ਼ੇਸ਼ ਅਤੇ ਸੰਸਾਰ ਦਾ ਮਸ਼ਹੂਰ ਤਿਉਹਾਰ ਵਿਸਾਖੀ ਹੈ। ਜਿਸ ਨੂੰ ਪਾਕਿਸਤਾਨ ਅੰਬੈਸੀ ਖਾਸ ਤੌਰ ਤੇ ਮਨਾਵੇ ਜਿਸ ਤਰ੍ਹਾਂ ਰਮਜਾਨ ਅਤੇ ਕ੍ਰਿਸਮਿਸ ਅੰਬੈਸੀ ਵਿੱਚ ਮਨਾਈ ਜਾਂਦੀ ਹੈ। ਉਸ ਸਬੰਧੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਹੋਣ ਦੀ ਨੁਮਾਇੰਦਗੀ ਰਮੇਸ਼ ਸਿੰਘ ਖਾਲਸਾ ਨਿਭਾਉਣਗੇ। ਉਸ ਨਾਲ ਉਹ ਆਪਣਾ ਕੀਰਤਨੀ ਜਥਾ ਵੀ ਪਾਕਿਸਤਾਨ ਤੋਂ ਲੈ ਕੇ ਆਉਣਗੇ। ਜੇਕਰ ਪਾਕਿਸਤਾਨ ਅੰਬੈਸੀ ਸਾਨੂੰ ਨਿਮੰਤ੍ਰਤ ਪੱਤਰ ਭੇਜੇਗੀ।ਇੱਥੇ ਅਸੀਂ ਗੁਰੂਘਰਾਂ ਦੀਆਂ ਸੰਗਤਾਂ ਨੂੰ ਜੋੜ ਕੇ ਵਧੀਆ ਵਿਸਾਖੀ ਸਮਾਗਮ ਕਰ ਸਕਦੇ ਹਾਂ। ਰਮੇਸ਼ ਸਿੰਘ ਖਾਲਸਾ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਸਿੱਖਸ ਆਫ ਅਮਰੀਕਾ ਸੰਸਥਾ ਕਮਿਊਨਿਟੀ ਲਈ ਕਾਫੀ ਕੰਮ ਕਰ ਰਹੀ ਹੈ। ਇਨ੍ਹਾਂ ਦਾ ਸਹਿਯੋਗ ਲਿਆ ਜਾਵੇ ਜਿਸ ਨਾਲ ਪ੍ਰਵਾਸੀ ਜੁੜੇ ਹੋਏ ਹਨ।
ਅੰਬੈਸਡਰ ਅਜਾਜ ਅਹਿਮਦ ਚੌਧਰੀ ਨੇ ਸਾਰੇ ਮਸਲਿਆਂ ਨੂੰ ਕਲਮਬੰਦ ਕੀਤਾ ਅਤੇ ਕਿਹਾ ਕਿ ਇਹ ਸਾਰੇ ਸਾਡੇ ਏਜੰਡੇ ਤੇ ਹਨ। ਇਨ੍ਹਾਂ ਸਬੰਧੀ ਜਲਦੀ ਫੈਸਲਾ ਲਿਆ ਜਾਵੇਗਾ ਤਾਂ ਜੋ ਪ੍ਰਵਾਸੀ ਪਾਕਿਸਤਾਨ ਜਾ ਕੇ ਆਪਣੇ ਗੁਰੂਘਰਾਂ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਸਕਣ।
ਰਮੇਸ਼ ਸਿੰਘ ਖਾਲਸਾ ਵਲੋਂ ਪਾਕਿਸਤਾਨ ਦੇ ਅੰਬੈਸਡਰ ਦੇ ਸਨਮਾਨ ਵਜੋਂ ਗੁਰੂ ਨਾਨਕ ਦੇਵ ਜੀ ਦੀ ਪੁਸਤਕ ਅੰਗਰੇਜ਼ੀ ਵਿੱਚ ਭੇਂਟ ਕੀਤੀ ਜਿਸ ਨੂੰ ਅੰਬੈਸਡਰ ਨੇ ਸਵੀਕਾਰ ਕਰਦੇ ਕਿਹਾ ਕਿ ਉਹ ਕਿਤਾਬਾ ਨੂੰ ਹਮੇਸ਼ਾ ਪੜ੍ਹਦੇ ਤੇ ਸੰਭਾਲ ਕੇ ਰੱਖਦੇ ਹਨ। ਜੋ ਕਿ ਸਾਂਝੇ ਵਿਰਸੇ ਦਾ ਪ੍ਰਤੀਕ ਹਨ। ਰਮੇਸ਼ ਸਿੰਘ ਖਾਲਸਾ ਵਲੋਂ ਧੰਨਵਾਦ ਦੇ ਸ਼ਬਦਾਂ ਨਾਲ ਵਿਦਾਈ ਲਈ ਅਤੇ ਉਪਰੋਕਤ ਮੰਗਾਂ ਦੇ ਹੱਲ ਦੀ ਆਸ ਦਾ ਪ੍ਰਗਟਾਵਾ ਕੀਤਾ।