ਵਾਸ਼ਿੰਗਟਨ ਡੀ. ਸੀ. (ਗਿੱਲ) – ਅਮਰੀਕਾ ਦੇ ਜਾਰਜ ਮੇਸਨ ਯੂਨੀਵਰਸਿਟੀ ਦੀ ਸਿੱਖ ਵਿੱਦਿਆਰਥਣ ਆਗੂ ਜਸਪ੍ਰੀਤ ਖਾਲਸਾ ਡੀ. ਸੀ., ਚੜ੍ਹਦੀ ਕਲਾ ਸੰਸਥਾ, ਮਾਨ ਅਕਾਲੀ ਦਲ ਅਤੇ ਕੱਟੜ ਖਾਲਿਸਤਾਨੀ ਸਖਸ਼ੀਅਤਾਂ ਵਲੋਂ ਇੱਕ ਮੁਜ਼ਾਹਰਾ ਭਾਰਤੀ ਅੰਬੈਸੀ ਸਾਹਮਣੇ ਸਵੇਰੇ ੧੧ ਵਜੇ ਤੋਂ ਲੈ ਕੇ ੨ ਵਜੇ ਤੱਕ ਕੀਤਾ ਗਿਆ । ਜਿਸ ਵਿੱਚ ਵਿਦਿਆਰਥੀਆਂ ਵਲੋਂ ਵੱਖ-ਵੱਖ ਨਾਅਰੇ ਮਾਰਕੇ ਭਾਰਤੀ ਅੰਬੈਸੀ ਨੂੰ ਸੂਚਿਤ ਕੀਤਾ ,ਕਿ ਭਾਰਤ ਦੀ ਸਰਕਾਰ ਜਿਸ ਵਿੱਚ ਖਾਸ ਤੌਰ ਤੇ ਪੰਜਾਬ ਸਰਕਾਰ , ਪੁਲਿਸ ਰਾਹੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਪ੍ਰਵਾਸੀ ਨੌਜਵਾਨਾਂ ਨੂੰ ਭਾਰਤ ਪਹੁੰਚਣ ਸਮੇਂ ਨਜਾਇਜ ਫੜ੍ਹ ਰਹੀ ਹੈ। ਉਨ੍ਹਾਂ ਤੇ ਝੂਠੇ ਕੇਸ ਪਾ ਕੇ ਸਿੱਖਾਂ ਨੂੰ ਅੱਤਵਾਦੀ ਗਰਦਾਨਦੀ ਪਈ ਹੈ ।ਜੋ ਪੰਜਾਬ, ਪੰਜਾਬੀਆਂ ਅਤੇ ਪ੍ਰਵਾਸੀਆ ਲਈ ਚਿੰਤਾ ਹੀ ਨਹੀਂ ਸਗੋਂ ਮਨੁੱਖਤਾ ਦੇ ਘਾਣ ਕਰਨ ਦਾ ਮਨਸੂਬਾ ਇਹ ਕੈਪਟਨ ਮੁੱਖ ਮੰਤਰੀ ਪੰਜਾਬ ਕਰ ਰਿਹਾ ਹੈ । ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਹਰਜੋਤ ਸਿੰਘ ਅਤੇ ਜਗਜੀਤ ਸਿੰਘ ਜੋ ਚੜ੍ਹਦੀ ਕਲਾ ਸੰਸਥਾ ਦੇ ਮੁੱਖ ਸੇਵਾਦਾਰ ਹਨ ਉਨ੍ਹਾਂ ਵਲੋਂ ਜਾਰਜ ਮੇਸਨ ਯੂਨੀਵਰਸਿਟੀ ਦੇ ਵਿਦਿਆਰਥੀਆ ਦੇ ਸਹਿਯੋਗ ਨਾਲ ਭਾਰਤੀ ਅੰਬੈਸੀ ਅੱਗੇ ਮੁਜ਼ਾਹਰਾ ਕਰਕੇ ਪ੍ਰਵਾਸੀ ਅਵਾਜ਼ ਨੂੰ ਹਿੰਦੋਸਤਾਨ ਦੀ ਸਰਕਾਰ ਤੇ ਪੂਰੇ ਸੰਸਾਰ ਨੂੰ ਅਪਨੀ ਰੋਸ ਅਵਾਜ਼ ਪਹੁੰਚਾਈ ਹੈ। ਏਥੇ ਹੀ ਬਸ ਨਹੀਂ ਜੇਕਰ ਜਗਤਾਰ ਦੀ ਰਿਹਾਈ ਨਾ ਕੀਤੀ ਤਾਂ ਅਮਰੀਕਾ ਦੇ ਹਰ ਸ਼ਹਿਰ ਵਿੱਚ ਮੁਜ਼ਾਹਰੇ ਕਰਕੇ ਪੰਜਾਬ ਪੁਲਿਸ ਦੇ ਅਸਲੀ ਚਿਹਰੇ ਨੂੰ ਨੰਗਾ ਕਰਕੇ ਹਿਊਮਨ ਰਾਈਟਸ ਦੀ ਕਚਹਿਰੀ ਵਿੱਚ ਖੜ੍ਹਾ ਕੀਤਾ ਜਾਵੇਗਾ।ਪੰਜਾਬ ਦੇ ਵਜ਼ੀਰਾਂ ਦਾ ਘਰੋਂ ਨਿਕਲਣਾ ਦੁਰਭਰ ਕਰ ਦਿੱਤਾ ਜਾਵੇਗਾ।ਵਿਦੇਸ਼ੀ ਅੰਬੈਸੀਆ ਦਾ ਕੰਮ ਠੱਪ ਕਰ ਦਿੱਤਾ ਜਾਵੇਗਾ।
ਸਾਡੇ ਪੱਤਰਕਾਰ ਵਲੋਂ ਜਦੋਂ ਮੈਮੋਰੰਡਮ ਸਬੰਧੀ ਇੱਕ ਨਰਿੰਦਰ ਸਿੰਘ ਨਾਮ ਦੇ ਖਾਲਿਸਤਾਨੀ ਹਮਾਇਤੀ ਨੂੰ ਪੁੱਛਿਆ ਤਾਂ ਉਸਨੇ ਹੋਛੇ ਸੁਭਾਅ ਅਤੇ ਤੌਹੀਨ ਅੰਦਾਜ਼ ਵਿੱਚ ਕਿਹਾ ਕਿ ਮੈਮੋਰੰਡਮ ਵਿੱਚ ਜੁੱਤੀ ਹੈ। ਜੋ ਅੰਬੈਸੀ ਅਤੇ ਸਰਕਾਰ ਨੂੰ ਭੇਜ ਦਿਓ। ਜਿੱਥੇ ਉਸਦੇ ਦਿਮਾਗੀ ਸੰਤੁਲਨ ਦੇ ਖੋਹਣ ਦੇ ਅੰਦਾਜ਼ ਨੂੰ ਨਕਾਰਿਆ ਗਿਆ, ਉੱਥੇ ਡਾਕਟਰ ਅਮਜਰੀਤ ਸਿੰਘ, ਦਵਿੰਦਰ ਸਿੰਘ ਪ੍ਰਧਾਨ, ਅਜੀਤ ਸਿੰਘ ਚੱਠਾ ਅਤੇ ਰਣਜੀਤ ਸਿੰਘ ਵਲੋਂ ਬਹੁਤ ਵਧੀਆ ਸਲੀਕੇ ਨਾਲ ਕਿਹਾ ਕਿ ਕੁਝ ਵਿਅਕਤੀ ਆਦਤ ਤੋਂ ਮਜ਼ਬੂਰ ਹੁੰਦੇ ਹਨ ਉਨ੍ਹਾਂ ਨੂੰ ਨਕਾਰਿਆ ਜਾਵੇ। ਅਸਲੀ ਮੁੱਦੇ ਅਤੇ ਸਹੀ ਸੋਚ ਵਾਲਿਆਂ ਨੂੰ ਮੁੱਦੇ ਤੇ ਪਹਿਰਾ ਦੇਣ ਵੱਲ ਧਿਆਨ ਦਿੱਤਾ ਜਾਵੇ।
ਸਮੁੱਚੇ ਤੌਰ ਤੇ ਬਹੁਤ ਹੀ ਅਨੁਸਾਸ਼ਨ ਅਤੇ ਸਲੀਕੇਬੱਧ ਕੀਤਾ ਮੁਜ਼ਾਹਰਾ ਭਾਰਤੀ ਅੰਬੈਸੀ ਸਾਹਮਣੇ ਭਾਰਤ ਅਤੇ ਪੰਜਾਬ ਸਰਕਾਰ ਲਈ ਸਵਾਲੀਆ ਚਿੰਨ੍ਹ ਪੈਦਾ ਕਰ ਗਿਆ ।ਕਿ ਉਹ ਕਾਨੂੰਨ ਨੂੰ ਛਿੱਕੇ ਟੰਗ ਕੇ ਪ੍ਰਵਾਸੀਆਂ ਨਾਲ ਧੱਕਾ ਨਹੀਂ ਕਰ ਸਕਦੀ। ਸਗੋਂ ਕਾਨੂੰਨ ਵਿਚ ਰਹਿ ਕੇ ਪੇਸ਼ ਆਵੇ। ਸਿੱਖਾਂ ਨਾਲ ਵੱਖਰੇ ਕਾਨੂੰਨ ਵਜੋਂ ਵਰਤਾਰਾ ਨਾ ਕਰੇ, ਜਿਸ ਦੇ ਸਿੱਟੇ ਭੁਗਤਣੇ ਪੈਣ। ਹਾਲ ਦੀ ਘੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਇਹ ਮੁਜ਼ਾਹਰਾ ਉਜਾਗਰ ਕਰ ਪੰਜਾਬ ਸਰਕਾਰ ਦੇ ਮੂੰਹ ਤੇ ਚਪੇੜ ਮਾਰ ਗਿਆ ਹੈ।