ਟੋਰਾਂਟੋ (ਗਿੱਲ) – ਸਿੱਖ ਅਵਾਰਡ ਕਮੇਟੀ ਯੂ. ਕੇ. ਵਲੋਂ ਅਠਵਾਂ ਸਿੱਖ ਅਵਾਰਡ ਟੋਰਾਂਟੋ ਵਿਖੇ ਕਰਵਾਇਆ ਗਿਆ। ਜਿੱਥੇ ਇਹ ਅਵਾਰਡ ਗਿਆਰਾਂ ਖੇਤਰਾਂ ਵਿੱਚ ਦਿੱਤਾ ਗਿਆ। ਜਿਨ੍ਹਾਂ ਵਿੱਚ ਸਿੱਖਿਆ, ਸੇਵਾ, ਬਿਜਨਸ, ਰਾਜਨੀਤੀ, ਖੇਡਾਂ, ਚੈਰਿਟੀ, ਮੀਡੀਆ, ਪ੍ਰੋਫੈਸ਼ਨ, ਸੱਭਿਆਚਾਰ ਆਦਿ ਸਨ। ਵੱਖ-ਵੱਖ ਦੇਸ਼ਾਂ ਵਿੱਚ ਕਰਵਾਏ ਜਾਣ ਵਾਲੇ ਇਹ ਅਵਾਰਡ ਦਾ ਮਾਣ ਕਨੇਡਾ ਨੂੰ ਪ੍ਰਾਪਤ ਹੋਇਆ। ਇਸ ਅਵਾਰਡ ਨੂੰ ਵੇਖਣ ਵਾਸਤੇ ਵੱਖ-ਵੱਖ ਮੁਲਕਾਂ ਜਿਨ੍ਹਾਂ ਵਿੱਚ ਅਸਟ੍ਰੇਲੀਆ, ਅਮਰੀਕਾ, ਯੂ. ਕੇ., ਅਮਰੀਕਾ ਅਤੇ ਦਰਜਨਾ ਹੋਰ ਦੇਸ਼ਾਂ ਤੋਂ ਇਸ ਅਵਾਰਡ ਵਿੱਚ ਸ਼ਾਮਲ ਹੋਏ ਸਨ।
ਇਹ ਅਵਾਰਡ ਸਮਾਗਮ ਜਿੱਥੇ ਗਲੋਬਲ ਪੱਧਰ ਤੇ ਸਿੱਖਾਂ ਦੀ ਪਹਿਚਾਣ ਅਤੇ ਪ੍ਰਾਪਤੀਆਂ ਦਾ ਸੋਮਾ ਬਣਦਾ ਹੈ, ਉੱਥੇ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਵੀ ਹੁੰਦਾ ਹੈ ।ਜੋ ਉਨ੍ਹਾਂ ਦੇ ਮਾਣ ਅਤੇ ਸਨਮਾਨ ਦਾ ਪ੍ਰਤੀਕ ਬਣਦਾ ਹੈ। ਬਲਬੀਰ ਸਿੰਘ ਕਕੜ ਨੂੰ ਸਫਲ ਬਿਜ਼ਨਸਮੈਨ (ਭਾਰਤ), ਬਲਵਿੰਦਰ ਕੌਰ ਤੱਖਰ ਕੈਨਡਾ (ਔਰਤਾਂ ਦੇ ਬਿਜ਼ਨਸ ਕੈਟਾਗਿਰੀ), ਹਰਮੀਕ ਸਿੰਘ, ਯੂ. ਏ. ਈ ਨੂੰ ਉਦਯੋਗਪਤੀ, ਬੀਬੀ ਇੰਦਰਜੀਤ ਕੌਰ ਅਮਰੀਕਾ ਨੂੰ ਸਿੱਖਿਆ, ਗੁਰਿੰਦਰ ਕੌਰ ਕੈਨੇਡਾ ਨੂੰ ਦਿਲ ਪ੍ਰਚਾਵਾ, ਜਗਮੀਤ ਸਿੰਘ ਕੈਨੇਡਾ ਨੂੰ ਸਿੱਖ ਰਾਜਨੀਤਕ, ਨਵਦੀਪ ਭਾਟੀਆ ਕੈਨੇਡਾ ਨੂੰ ਸੇਵਾ, ਜਿੰਦਰ ਮਹਿਲ ਕਨੇਡਾ ਨੂੰ ਖੇਡਾਂ, ਜਸਪ੍ਰੀਤ ਸਿੰਘ ਯੂ. ਕੇ. ਸਿੱਖ ਪਹਿਚਾਣ, ਸਰਦਾਰਨੀ ਮਾਨ ਕੌਰ ਭਾਰਤੀ ਨੂੰ ਲਾਈਫ ਟਾਈਮ ਪ੍ਰਾਪਤੀ ਅਵਾਰਡ ਅਤੇ ਰਮੇਸ਼ ਸਿੰਘ ਖਾਲਸਾ ਨੂੰ ਪਰਉਪਕਾਰਤਾ ਅਵਾਰਡ ਨਾਲ ਸਨਮਾਨਤ ਕੀਤਾ।
ਨਵਦੀਪ ਸਿੰਘ ਯੂ. ਕੇ. ਜਿਨ੍ਹਾਂ ਦੀ ਮਿਹਨਤ ਅਤੇ ਉਪਰਾਲੇ ਸਦਕਾ ਇਹ ਅਵਾਰਡ ਦਿਨੋ ਦਿਨ ਪੂਰੇ ਸੰਸਾਰ ਵਿੱਚ ਥਾਂ ਬਣਾ ਗਿਆ ਹੈ। ਉੱਥੇ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਸੰਸਾਰ ਪੱਧਰ ਤੇ ਉਭਾਰਨ ਦਾ ਜ਼ਰੀਆ ਬਣ ਰਿਹਾ ਹੈ, ਉੱਥੇ ਗਲੋਬਲ ਪਲੇਟਫਾਰਮ ਸਿੱਖਾਂ ਨੂੰ ਪ੍ਰਾਪਤ ਹੋ ਰਿਹਾ ਹੈ।
ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਜਿਸ ਦੀ ਪਹਿਚਾਣ ਭਾਈ ਨਵਦੀਪ ਸਿੰਘ ਕਰਕੇ ਅਜਿਹੀ ਵਿਲੱਖਣਤਾ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਗਰੀਬ ਸਿੱਖਾਂ ਲਈ ਕੀਤੇ ਜਾਂਦੇ ਉਪਰਾਲਿਆਂ ਸਦਕਾ ਹੀ ਉਨ੍ਹਾਂ ਨੂੰ ਇਹ ਅਵਾਰਡ ਮਿਲਿਆ ਹੈ। ਜੋ ਮਾਣ ਵਾਲੀ ਗੱਲ ਹੈ ਕਿ ਜਿੱਥੋਂ ਸਿੱਖੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਉੱਥੇ ਦੇ ਵਸਨੀਕ ਦੀਆਂ ਸੇਵਾਵਾਂ ਸਦਕਾ ਇਹ ਅਵਾਰਡ ਦਿੱਤਾ ਗਿਆ ਹੈ। ਆਸ ਹੈ ਕਿ ਇਹ ਸਿੱਖ ਅਵਾਰਡ ਪੂਰੇ ਸੰਸਾਰ ਵਿੱਚ ਸਿੱਖਾਂ ਦੀ ਸ਼ਾਨ ਅਤੇ ਮਾਣ ਨੂੰ ਚਾਰ ਚੰਨ ਲਗਾਉਂਦਾ ਹਰ ਸਾਲ ਨਵੇਂ ਦੌਰ ਵਿੱਚ ਸ਼ਾਮਲ ਹੋਵੇਗਾ। ਜਿਸ ਦਾ ਸਾਰਾ ਸਿਹਰਾ ਭਾਈ ਨਵਦੀਪ ਸਿੰਘ ਜੀ ਨੂੰ ਜਾਂਦਾ ਹੈ ਜੋ ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਾ ਯੂ ਕੇ ਜੀ ਦੀ ਛਤਰ ਛਾਇਆ ਹੇਠ ਇਹ ਅਵਾਰਡ ਨੂੰ ਅੱਗੇ ਤੋਰ ਰਹੇ ਹਨ।ਰਮੇਸ਼ ਸਿੰਘ ਖਾਲਸਾ ਨੂੰ ਇਸ ਅਵਾਰਡ ਮਿਲਣ ਤੇ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ।