ਵਰਜੀਨੀਆ (ਗਿੱਲ) - ਨਾਰਥ ਅਮਰੀਕਾ ਦੀ ਪ੍ਰੈੱਸ ਕਲੱਬ ਅਤੇ ਸਿੱਖਸ ਆਫ ਅਮਰੀਕਾ ਵਲੋਂ ਸਾਂਝੇ ਤੌਰ ਤੇ ਪੰਜਾਬ ਤੋਂ ਆਏ ਪ੍ਰਸਿੱਧ ਪੱਤਰਕਾਰ ਅਤੇ ਸੰਪਾਦਕ ਬਲਜੀਤ ਸਿੰਘ ਬਰਾੜ (ਪੰਜਾਬ ਟਾਈਮਜ਼ ਜਲੰਧਰ) ਨਾਲ ਸਵਾਲ-ਜਵਾਬ ਸੈਸ਼ਨ ਦਾ ਅਯੋਜਿਨ ਵਰਜੀਨੀਆ ਵਿਖੇ ਕੀਤਾ ਗਿਆ। ਜਿੱਥੇ ਵੱਖ-ਵੱਖ ਖੇਤਰਾਂ ਦੀਆਂ ਸਖਸ਼ੀਅਤਾਂ ਵਲੋਂ ਇਸ ਸੈਸ਼ਨ ਵਿੱਚ ਹਿੱਸਾ ਲਿਆ ਉੱਥੇ ਇਸ ਸੈਸ਼ਨ ਦੇ ਕਰਤਾ ਧਰਤਾ ਕੁਲਵਿੰਦਰ ਸਿੰਘ ਫਲੋਰਾ ਵਲੋਂ ਭਰਪੂਰ ਜਾਣ ਪਹਿਚਾਣ ਕਰਵਾਈ ਗਈ ਸੀ। ਇਸ ਮੌਕੇ ਪੰਜਾਬ ਅਤੇ ਪ੍ਰਵਾਸੀਆਂ ਸਬੰਧੀ ਆਉਂਦੀਆਂ ਮੁਸ਼ਕਲਾਂ ਦੀ ਪਟਾਰੀ ਦਾ ਉਲੱਥਾ ਕੀਤਾ ਗਿਆ। ਜਿਸ ਨੂੰ ਬਲਜੀਤ ਸਿੰਘ ਬਰਾੜ ਨੇ ਬਹੁਤ ਹੀ ਸੁਹਣੇ ਸੁਚੱਜੇ ਅਤੇ ਤੱਥਾਂ ਦੇ ਅਧਾਰ ਤੇ ਜਵਾਬ ਦਿੱਤਾ ਜੋ ਸਲਾਹੁਣਯੋਗ ਵੀ ਸੀ ਤੇ ਗਿਆਨ ਪ੍ਰਤੀ ਵੀ ਰਾਹ ਦਸੇਰਾ ਦੱਸਦੇ ਨਜ਼ਰ ਆਏ ਹਨ।
ਚਤਰ ਸਿੰਘ ਨੇ ਕਿਹਾ ਕਿ ਤੁਹਾਡੀ ਫੇਰੀ ਦਾ ਕੀ ਮਕਸਦ ਹੈ ਅਤੇ ਇਹ ਅਮਰੀਕਨ ਸਿੱਖਾਂ ਲਈ ਵੀ ਸੇਧ ਦੇਵੇਗਾ। ਉਨ੍ਹਾਂ ਕਿਹਾ ਕਿ ਉਹ ਵਾਸ਼ਿੰਗਟਨ ਡੀ ਸੀ ਤੋਂ ਆਨ ਲਾਈਨ ਅੰਗਰੇਜ਼ੀ ਦੀ ਪੱਤ੍ਰਿਕਾ ਸ਼ੁਰੂ ਕਰਨਗੇ ਜੋ ਭਾਰਤੀਆਂ ਲਈ ਖਾਸ ਕਰਕੇ ਪੰਜਾਬੀ ਅਮਰੀਕਨਾਂ ਲਈ ਇਹ ਰੂਹ ਦੀ ਖੁਰਾਕ ਬਣੇਗਾ । ਜਿਸ ਮਕਸਦ ਲਈ ਉਹ ਇਸ ਸਬੰਧੀ ਵਿਚਾਰਾਂ ਵੀ ਕਰ ਰਹੇ ਹਨ। ਅਮਰ ਸਿੰਘ ਮੱਲ੍ਹੀ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਰਾਇ ਲਈ ਗਈ ਤਾਂ ਜੋ ਸਿੱਖ ਆਪਣੇ ਮੱਕੇ ਦੇ ਦਰਸ਼ਨਾਂ ਲਈ ਸੌਖ ਮਹਿਸੂਸ ਕਰਨ। ਇਸ ਸਬੰਧੀ ਬਰਾੜ ਸਾਹਿਬ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਬਾਰਡਰ ਨੂੰ ਵਿਕਸਤ ਕੀਤਾ ਜਾਵੇ ਅਤੇ ਉਸਨੂੰ ਸੈਰਗਾਹਾਂ ਰਾਹੀਂ ਏਨਾ ਕੁ ਪ੍ਰਭਾਵਿਤ ਕਰ ਦਿੱਤਾ ਜਾਵੇ ਕਿ ਦੂਸਰੇ ਪਾਸੇ ਵੀ ਅਜਿਹਾ ਸੰਭਵ ਹੋ ਸਕੇ। ਉਨ੍ਹਾਂ ਅੱਗੇ ਕਿਹਾ ਨਿਰੰਤਰ ਯਤਨ ਜਾਰੀ ਰੱਖੇ ਜਾਣ। ਹਰਜੀਤ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ਸਿਰਫ ਪ੍ਰਵਾਸੀਆਂ ਦੇ ਸਹਾਰੇ ਕਾਇਮ ਹੈ ਜਿਸ ਲਈ ਉਹ ਖੈਰ ਖਵਾਹ ਪੰਜਾਬ ਦੇ ਬਣੇ ਹੋਏ ਹਨ।
ਅਖੀਰ ਵਿੱਚ ਡਾ. ਸੁਰਿੰਦਰ ਸਿੰਘ ਗਿੱਲ ਉੱਘੇ ਪੱਤਰਕਾਰ ਵਲੋਂ ਬਰਾੜ ਸਾਹਿਬ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਉਹ ਇਹ ਸਵਾਲ ਜਵਾਬ ਅਮਰੀਕਾ ਫੇਰੀ ਨੂੰ ਯਾਦ ਰੱਖਣ। ਕੁਲਵਿੰਦਰ ਸਿੰਘ ਫਲੋਰਾ ਵਲੋਂ ਦੁਪਿਹਰ ਦਾ ਭੋਜ ਦੇ ਕੇ ਮੀਟਿੰਗ ਨੂੰ ਸੰਪਨ ਕੀਤਾ ਗਿਆ।