ਵਸ਼ਿਗਟਨ ਡੀ ਸੀ (ਗਿੱਲ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਅਮਰੀਕਾ ਦੇ ਚੇਅਰਮੈਨ ਸਤਪਾਲ ਸਿੰਘ ਬਰਾੜ ਨੇ ਅੱਜ ਪੰਜਾਬੀ ਮੂਲ ਦੇ ਕੈਨੇਡੀਅਨ ਆਗੂ ਸਰਦਾਰ ਜਗਮੀਤ ਸਿੰਘ ਨੂੰ ਕੈਨੇਡਾ ਦੀ ਸਿਆਸੀ ਪਾਰਟੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦਾ ਨਵਾਂ ਆਗੂ ਚੁਣੇ ਜਾਣ ਉੱਤੇ ਵਧਾਈ ਦਿੱਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਗਮੀਤ ਸਿੰਘ ਨੇ ਨਾ ਸਿਰਫ ਆਪਣੀ ਜਨਮਭੂਮੀ ਤੋਂ ਸੱਤ ਸਮੁੰਦਰੋਂ ਪਾਰ ਇੱਕ ਮੁਲਕ ਦੀ ਸਿਆਸੀ ਪਾਰਟੀ ਦੀ ਅਗਵਾਈ ਕਰਕੇ ਇਤਿਹਾਸ ਸਿਰਜਿਆ ਹੈ, ਸਗੋਂ ਉਹਨਾਂ ਨੇ ਐਨਡੀਪੀ ਆਗੂ ਦਾ ਇਹ ਵੱਕਾਰੀ ਅਹੁਦੇ ਵੋਟਾਂ ਦੇ ਪਹਿਲੇ ਗੇੜ ਵਿਚ ਹੀ ਵੱਡੇ ਫਰਕ ਨਾਲ ਵੀ ਜਿੱਤਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਪਛਾੜਦਿਆਂ 53.6 ਫੀਸਦੀ ਵੋਟਾਂ ਹਾਸਿਲ ਕੀਤੀਆਂ ਹਨ। ਇਸ ਇਤਿਹਾਸਕ ਜਿੱਤ ਨਾਲ ਉਹ ਕੈਨੇਡਾ ਦੀ ਇੱਕ ਵੱਡੀ ਸੰਘੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਘੱਟ ਗਿਣਤੀ ਆਗੂ ਬਣ ਗਏ ਹਨ।
ਇਸ ਜਿੱਤ ਨੂੰ ਭਾਈਚਾਰੇ, ਸਮਾਨਤਾ ਅਤੇ ਵਿਭਿੰਨਤਾ ਵਰਗੀਆਂ ਕਦਰਾਂ-ਕੀਮਤਾਂ ਵਿਚ ਯਕੀਨ ਰੱਖਣ ਵਾਲੇ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਦੀ ਜਿੱਤ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇੱਕ ਵਕੀਲ ਅਤੇ ਕਾਨੂੰਨਦਾਨ ਵਜੋਂ ਉਹ ਆਪਣੇ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ਵਿਚ ਹਮੇਸ਼ਾ ਇਹਨਾਂ ਕਦਰਾਂ-ਕੀਮਤਾਂ ਉੱਤੇ ਪਹਿਰਾ ਦਿੰਦੇ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਬਹੁ-ਗਿਣਤੀ ਲੋਕਾਂ ਦੀ ਜ਼ਿੰਦਗੀ ਵਿਚ ਇੱਕ ਸਾਕਾਰਾਤਮਕ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਸਿਆਸਤ ਦੀ ਦੁਨੀਆਂ ਅੰਦਰ ਛਾਲ ਮਾਰੀ ਸੀ। ਉਹਨਾਂ ਨੂੰ ਮਿਲਿਆ ਬੇਮਿਸਾਲ ਬਹੁਮੱਤ ਸੰਕੇਤ ਦਿੰਦਾ ਹੈ ਕਿ ਭਵਿੱਖ ਵਿਚ ਆਪਣੇ ਰਾਸ਼ਟਰ ਦੀ ਅਗਵਾਈ ਵਾਸਤੇ ਕੈਨੇਡਾ ਦੇ ਲੋਕਾਂ ਨੇ ਜਗਮੀਤ ਸਿੰਘ ਅੰਦਰ ਮੁਕੰਮਲ ਭਰੋਸਾ ਅਤੇ ਪਿਆਰ ਜਤਾਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਨੇਡਾ ਦੇ ਸਿਆਸੀ ਮੈਦਾਨ ਅੰਦਰ ਸਿੱਖਾਂ ਅਤੇ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਕੈਨੇਡਾ ਦੀ ਕੈਬਨਿਟ ਅੰਦਰ ਚਾਰ ਸਿੱਖ ਮੰਤਰੀ ਹਰਜੀਤ ਸੱਜਣ, ਨਵਦੀਪ ਬੈਂਸ, ਬਰਦੀਸ਼ ਚੱਗੜ ਅਤੇ ਅਮਰਜੀਤ ਸੋਹੀ ਮੌਜੂਦ ਹਨ। ਉਹਨਾਂ ਕਿਹਾ ਕਿ ਜਗਮੀਤ ਸਿੰਘ ਦੀ ਕਾਮਯਾਬੀ ਨੇ ਉਸ ਦਿਨ ਦਾ ਮੁੱਢ ਬੰਨ੍ਹ ਦਿੱਤਾ ਹੈ ਜਦੋਂ ਉੱਥੇ ਦੇ ਲੋਕ ਇੱਕ ਸਿੱਖ ਵਿਅਕਤੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਸੰਬੋਧਨ ਕਰਦਿਆਂ ਵੇਖ ਰਹੇ ਹੋਣਗੇ।