ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) – ਵਾਸ਼ਿੰਗਟਨ ਮੈਟਰੋ ਪੁਲਿਟਨ ਏਰੀਏ ਦੀ ਸੰਸਥਾ ਨੈਸ਼ਨਲ ਕੌਂਸਲ ਏਸ਼ੀਅਨ ਅਮਰੀਕਨ ਵਲੋਂ ਭਾਰਤੀ ਡਿਪਟੀ ਅੰਬੈਸਡਰ ਸੰਤੋਸ਼ ਝਾਅ ਦੀ ਆਮਦ ਤੇ ਪ੍ਰਭਾਵੀ ਸਮਾਗਮ ਜੀਊਲ ਆਫ ਇੰਡੀਆ ਰੈਸਟੋਰੈਂਟ ਦੇ ਹਾਲ ਵਿੱਚ ਕੀਤਾ ਗਿਆ। ਜਿੱਥੇ ਉਨ੍ਹਾਂ ਨੂੰ 'ਮੀਟ ਐਂਡ ਗਰੀਟ' ਸਮਾਗਮ ਰਾਹੀਂ ਭਾਰਤੀ ਕਮਿਊਨਿਟੀ ਨਾਲ ਸਾਂਝ ਦਾ ਜਸ਼ਨ ਪ੍ਰੋਗਰਾਮ ਕੀਤਾ। ਪ੍ਰੋਗਰਾਮ ਦੀ ਸ਼ੁਰੂਅਤ ਪ੍ਰਭਜੋਤ ਸਿੰਘ ਕੋਹਲੀ ਵਲੋਂ ਜਾਣ ਪਹਿਚਾਣ ਉਪਰੰਤ ਕੀਤੀ ਗਈ। ਜਿੱਥੇ ਪਵਨ ਬੈਜਵਾੜਾ ਵਲੋਂ ਜੀ ਆਇਆਂ ਕਿਹਾ, ਉੱਥੇ ਡਾ. ਸੁਰੇਸ਼ ਗੁਪਤਾ ਵਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਪਰੰਤ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਨੂੰ ਨਿਮੰਤ੍ਰਤ ਕੀਤਾ ਗਿਆ, ਜਿਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਸਬੰਧਾਂ ਅਤੇ ਕਮਿਊਨਿਟੀ ਦੀਆਂ ਪ੍ਰਾਪਤੀਆਂ ਦਾ ਅਹਿਮ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਜਿੱਥੇ ਸੰਸਾਰ ਦੀ ਉੱਤਮ ਸ਼ਕਤੀ ਬਣ ਗਿਆ ਹੈ, ਉੱਥੇ ਭਾਰਤ ਵਿੱਚ ਵਪਾਰ ਦੇ ਵਸੀਲਿਆਂ ਦਾ ਪਸਾਰਾ ਹੋ ਰਿਹਾ ਹੈ।
ਸੰਤੋਖ ਝਾਅ ਡਿਪਟੀ ਅੰਬੈਸਡਰ ਨੇ ਭਾਰਤ ਦੀ ਗਲੋਬਲ ਪੱਧਰ ਤੇ ਨਾਮਣੇ ਸਬੰਧੀ ਜ਼ਿਕਰ ਕਰਦੇ ਕਿਹਾ ਕਿ ਭਾਰਤ ਸੰਸਾਰ ਦੀ ਵਿਸ਼ੇਸ਼ ਸ਼ਕਤੀ ਹੈ ਜਿਸ ਨੇ ਹਿੰਦੋਸਤਾਨ ਦੀ ਤਸੀਰ ਅਤੇ ਤਫਸੀਰ ਨੂੰ ਦੁਨੀਆਂ ਦੇ ਨਕਸ਼ੇ ਵਿੱਚ ਸ਼ਕਤੀਸ਼ਾਲੀ ਉਤਾਰਿਆ ਹੈ। ਅੱਜ ਹਰ ਕੋਈ ਭਾਰਤ ਵਲੋਂ ਦੋਸਤੀ ਦੇ ਹੱਥ ਵਧਾ ਰਿਹਾ ਹੈ। ਭਾਰਤ ਵਿੱਚ ਕਈ ਬਿਲੀਅਨ ਦਾ ਨਿਵੇਸ਼ ਬਾਹਰਲੇ ਮੁਲਕਾਂ ਨੇ ਇਸ ਕਰਕੇ ਕੀਤਾ ਹੈ ਕਿ ਭਾਰਤ ਦੁਨੀਆਂ ਦੀ ਉਭਰਵੀਂ ਤਾਕਤ ਹੈ। ਅਮਰੀਕਾ ਅਤੇ ਭਾਰਤ ਦੀ ਆਪਸੀ ਫੌਜੀ ਸ਼ਕਤੀ ਵਿੱਚ ਨਵੀਨੀਕਰਨ ਹੋਇਆ ਹੈ। ਜੋ ਸੰਸਾਰ ਲਈ ਇੱਕ ਸ੍ਰੋਤ ਹੈ। ਆਉਣ ਵਾਲੇ ਸਮੇਂ ਵਿੱਚ ਹਰ ਮੁਲਕ ਭਾਰਤ ਵੱਲ ਨਜ਼ਰ ਟਿਕਾਈ ਬੈਠਾ ਹੈ ਜੋ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਾਪਤੀ ਹੈ।
ਡਾ. ਅਡੱਪਾ ਪ੍ਰਸਾਦ ਨੇ ਕਿਹਾ ਕਿ ਹਿੰਦੋਸਤਾਨ ਨਿਵੇਕਲੀ ਤਾਕਤ ਦੇ ਨਾਲ ਨਾਲ ਪੂੰਜੀ ਨਿਵੇਸ਼ ਦੀ ਅਜਿਹੀ ਥਾਂ ਹੈ ਜੋ ਦੂਸਰੇ ਦੇਸ਼ਾਂ ਲਈ ਮਾਣ ਹੈ। ਅਸ਼ੋਕ ਬਤਰਾ ਨੇ ਕਿਹਾ ਕਿ ਭਾਰਤੀ ਅੰਬੈਸੀ ਦੀ ਸੰਤੋਸ਼ ਝਾਅ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਭਾਰਤ-ਅਮਰੀਕਾ ਦੀਆਂ ਸੰਧੀਆਂ ਕਰਵਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ। ਜਿੱਥੇ ਨਿੱਘੇ ਸਵਾਗਤ ਲਈ ਅਲਕਾ ਬਤਰਾ, ਰੇਨੂਕਾ ਮਿਸ਼ਰਾ, ਅਨੁਰਿਧੀ ਗੋਸਵਾਮੀ, ਸੋਮਾ ਬਰਮਨ ਅਤੇ ਕਾਂਤੀ ਜੀ ਵਲੋਂ ਗੁਲਦਸਤਿਆਂ ਨਾਲ ਸੰਤੋਸ਼ ਝਾਅ, ਜੱਸੀ ਸਿੰਘ, ਪੀ ਸੀ ਮਿਸ਼ਰਾ, ਰਜੇਸ਼ ਜੀ ਨੂੰ ਨਿਵਾਜਿਆ।
ਇਸ ਸਮਾਗਮ ਵਿੱਚ ਚਾਰ ਅਜਿਹੀਆਂ ਸਖਸ਼ੀਅਤਾਂ ਨੂੰ ਲਾਈਫ ਟਾਈਮ ਅਵਾਰਡ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਨੇ ਕਮਿਊਨਿਟੀ ਅਤੇ ਆਪਣੇ ਮੁਲਕ ਲਈ ਅਹਿਮ ਰੋਲ ਅਦਾ ਕੀਤਾ ਜਿਸ ਵਿੱਚ ਡਾ. ਸੁਰਿੰਦਰ ਸਿੰਘ ਗਿੱਲ, ਅਨੰਦੀ ਨਾਇਕ, ਰੇਨੂਕਾ ਮਿਸ਼ਰਾ ਅਤੇ ਡਾ. ਸੈਮ ਮੁਕਰਜੀ ਦੇ ਨਾਮ ਦਰਜ ਸਨ।ਇਨ੍ਹਾਂ ਅਵਾਰਡ ਨੂੰ ਤਕਸੀਮ ਕਰਨ ਦੀ ਰਸਮ ਨਗਿੰਦਰ ਰਾਓ ਵਲੋਂ ਬਾਖੂਬੀ ਨਿਭਾਈ ਗਈ ਸੀ। ਇਸ ਸਮਾਗਮ ਵਿੱਚ ਬੀ ਜੇ ਪੀ ਤੋਂ ਡਾ. ਅਡੱਪਾ ਪ੍ਰਸਾਦ ਅਤੇ ਅਕਾਲੀ ਦਲ ਤੋਂ ਸਤਪਾਲ ਸਿੰਘ ਬਰਾੜ ਦੀ ਟੀਮ ਦਾ ਖਾਸ ਯੋਗਦਾਨ ਰਿਹਾ। ਸਮੁੱਚੇ ਤੌਰ ਤੇ ਇਹ ਸਮਾਗਮ ਕਮਿਊਨਿਟੀ ਦੇ ਆਸ਼ੇ ਅਤੇ ਪ੍ਰਭਾਵੀ ਸਾਬਤ ਹੋਇਆ ਹੈ।