ਵਾਸ਼ਿੰਗਟਨ ਡੀ. ਸੀ. (ਗਿੱਲ) – ਵਿਦੇਸ਼ੀਆਂ ਦੇ ਅਜਿਹੇ ਮਸਲੇ ਹਨ ਜੋ ਕਿ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਹੱਲ ਕਰਨ ਦੀ ਲੋੜ ਹੈ। ਪਰ ਪੰਜਾਬ ਸਰਕਾਰ ਨੇ ਐਸੇ ਆਈ. ਏ. ਐੱਸ. ਅਫਸਰ ਨੂੰ ਚਾਰਜ ਦੇ ਦਿੱਤਾ ਹੈ, ਜਿਸ ਦੀ ਨੀਯਤ ਖੋਟੀ ਹੈ। ਉਸਨੇ ਪਹਿਲਾਂ ਹੀ ਹਾਈਵੇ ਦੀਆਂ ਜ਼ਮੀਨਾਂ ਪ੍ਰਾਪਤ ਕਰਨ ਸਮੇਂ ਧੋਖੇ ਨਾਲ ਪੈਸੇ ਕਮਾਏ ਜਿਸ ਦੀ ਵਾਪਸੀ ਲਈ ਹਾਈ ਕੋਰਟ ਨੇ ਸਖਤ ਹਦਾਇਤ ਜਾਰੀ ਕਰਕੇ ਇਸ ਅਫਸਰ ਕੋਲੋਂ ਰਿਕਵਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਅਫਸਰ ਪ੍ਰਵਾਸੀਆਂ ਨਾਲ ਵੀ ਧ੍ਰੋਹ ਕਮਾਵੇਗਾ।
ਜ਼ਿਕਰਯੋਗ ਹੈ ਕਿ ਸੁੱਚਾ ਰਾਮ ਲੱਧੜ ਨੇ 1999 ਵਿੱਚ ਇੱਕ ਇਮਾਨਦਾਰ ਪ੍ਰਿੰਸੀਪਲ ਖਿਲਾਫ ਕਾਰਵਾਈ ਕਰਕੇ ਆਪਣੇ ਅਧਿਕਾਰ ਹੇਠ ਆਉਂਦੇ ਸਕੂਲ ਨੂੰ ਲੀਹੋ ਲਾ ਦਿੱਤਾ, ਜਿਸ ਦਾ ਨੁਕਸਾਨ ਅੱਜ ਤੱਕ ਲੋਕ ਭੁਗਤ ਰਹੇ ਹਨ ਅਤੇ ਇਸ ਅਫਸਰ ਨੂੰ ਬੁਰਾ ਭਲਾ ਕਹਿ ਰਹੇ ਹਨ। ਹੁਣ ਸਰਕਾਰ ਨੇ ਪ੍ਰਵਾਸੀਆਂ ਦਾ ਕਰਤਾ ਧਰਤਾ ਬਣ ਕੇ ਪ੍ਰਵਾਸੀਆਂ ਨੂੰ ਐਸੇ ਰਾਹ ਤੇ ਖੜ੍ਹਾ ਕਰ ਦਿੱਤਾ ਹੈ ਜਿਸ ਲਈ ਹਰ ਕੋਈ ਕੋਸ ਰਿਹਾ ਹੈ। ਸਮੂਹ ਪ੍ਰਵਾਸੀਆਂ ਦੀ ਅਪੀਲ ਹੈ ਕਿ ਇਸ ਅਫਸਰ ਨੂੰ ਤੁਰੰਤ ਫਾਰਗ ਕੀਤਾ ਜਾਵੇ ਅਤੇ ਪ੍ਰਵਾਸੀਆਂ ਦਾ ਇੰਚਾਰਜ ਕੋਈ ਸਾਫ ਸੁਥਰੇ ਅਕਸ ਵਾਲਾ ਅਫਸਰ ਨਿਯੁਕਤ ਕੀਤਾ ਜਾਵੇ।
ਹਾਲ ਦੀ ਘੜੀ ਪ੍ਰਵਾਸੀਆਂ ਵਿੱਚ ਰੋਸ ਹੈ ਉਨ੍ਹਾਂ ਵਲੋਂ ਮਤੇ ਪਾ ਕੇ ਪੰਜਾਬ ਦੇ ਚੀਫ ਮਨਿਸਟਰ ਅਮਰਿੰਦਰ ਸਿੰਘ ਨੂੰ ਭੇਜੇ ਜਾ ਰਹੇ ਹਨ ਤਾਂ ਜੋ ਇਸ ਮਾੜੇ ਅਫਸਰ ਨੂੰ ਫਾਰਗ ਕੀਤਾ ਜਾਵੇ। ਇਹ ਅਕਾਲੀ ਸਰਕਾਰ ਦਾ ਚਹੇਤਾ ਅਤੇ ਕਰੱਪਟ ਅਫਸਰ ਹੈ ਜਿਸ ਨੂੰ ਨੱਥ ਪਾਉਣੀ ਸਮੇਂ ਦੀ ਲੋੜ ਹੈ ਜੋ ਤੁਰੰਤ ਪੂਰੀ ਕੀਤੀ ਜਾਵੇ।