*ਸੈਨੇਟਰ, ਕਾਂਗਰਸ ਮੈਨਜ਼ ਅਤੇ ਵੱਖ-ਵੱਖ ਗੁਰੂਘਰਾਂ ਅਤੇ ਸੰਸਥਾਵਾਂ ਵਲੋਂ ਭਰਪੂਰ ਸਹਿਯੋਗ
ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰੀਕਾ ਦੀ ਸਰਵੋਤਮ ਸੰਸਥਾ ਸੈਲਡਫ ਜੋ ਗਰੀਬਾਂ, ਮਜ਼ਲੂਮਾਂ ਅਤੇ ਲੋੜਵੰਦਾਂ ਦੇ ਹਿਤਾਂ ਦੀ ਰਾਖੀ ਦੇ ਨਾਲ-ਨਾਲ ਸਿੱਖਾਂ, ਪੰਜਾਬੀਆਂ ਅਤੇ ਪ੍ਰਵਾਸੀਆਂ ਦੇ ਮਸਲਿਆਂ ਨੂੰ ਬਾਖੂਬੀ ਨਾਲ ਹੱਲ ਹੀ ਨਹੀਂ ਕਰਦੀ ਸਗੋਂ ਇਨ੍ਹਾਂ ਦੇ ਹਿਤਾਂ ਨੂੰ ਸਰਕਾਰੇ ਦਰਬਾਰੇ ਪ੍ਰਵਾਨ ਵੀ ਕਰਵਾਉਂਦੀ ਹੈ। ਜਿਸ ਦੀਆਂ ਅਨੇਕਾਂ ਉਦਾਹਰਣ ਸਾਡੇ ਸਾਹਮਣੇ ਹਨ। ਪਰ ਇਨ੍ਹਾਂ ਵਲੋਂ ਕੈਪੀਟਲ ਹਿਲ ਤੇ ਲਗਵਾਇਆ ਜਾ ਰਿਹਾ ਲੰਗਰ ਚੌਥੇ ਸਾਲ ਨੂੰ ਮੁਕੰਮਲ ਕਰ ਗਿਆ ਹੈ। ਜਿੱਥੇ ਇਸ ਲੰਗਰ ਪ੍ਰਥਾ ਨੇ ਗੁਰੂ ਨਾਨਕ ਸਾਹਿਬ ਦੀ ਲੰਗਰ ਪ੍ਰਥਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਬਿਖੇਰਿਆ। ਉੱਥੇ ਐਮੀ ਬੇਰਾ ਕਾਂਗਰਸਮੈਨ, ਜੂਡੀ ਚੂ ਕਾਂਗਰਸਮੈਨ, ਹੌਫਮੈਨ ਕੋਲੋਰਾਡੋ, ਸ਼ੀਲਾ ਜੈਕਸਨ ਦੀ ਨੁਮਾਇੰਦਗੀ ਕਰਦੀ ਅਮਨ ਨੇ ਇਸ ਸਲਾਨਾ ਲੰਗਰ ਵਿੱਚ ਸ਼ਮੂਲੀਅਤ ਕਰਕੇ ਸਿੱਖਾਂ ਦੀਆਂ ਭਾਵਨਾਵਾਂ, ਧਾਰਮਿਕ ਰਹੁਰੀਤਾਂ ਅਤੇ ਗੁਰੂਆਂ ਵਲੋਂ ਚਲਾਈ ਲੰਗਰ ਪ੍ਰਥਾ ਨੂੰ ਚਾਰ ਚੰਨ ਲਗਾ ਦਿੱਤੇ।
> ਜ਼ਿਕਰਯੋਗ ਹੈ ਕਿ ਇਹ ਲੰਗਰ ਆਪਸੀ ਤਾਲਮੇਲ, ਭਰਾਤਰੀ ਭਾਈਚਾਰਕ ਸਾਂਝ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਤੇ ਪਹਿਰਾ ਦਿਤਾ ਗਿਆ ਹੈ। ਇਸ ਸੈਲਡਫ ਸੰਸਥਾ ਦਾ ਡੰਕਾ ਕੈਪੀਟਲ ਹਿਲ ਤੇ ਬਹੁਤ ਹੀ ਜੋਰ ਸ਼ੋਰ ਨਾਲ ਵੱਜਿਆ ਜਿਸ ਦੀਆਂ ਗੂੰਜਾਂ ਪੂਰੇ ਅਮਰੀਕਾ ਵਿੱਚ ਸੁਣਾਈ ਦਿੱਤੀਆਂ। ਜਿਸ ਲਈ ਸੈਲਡਫ ਦੇ ਅਹੁਦੇਦਾਰ ਧੰਨਵਾਦ ਦੇ ਪਾਤਰ ਹਨ। ਕੁਲਵਿੰਦਰ ਸਿੰਘ ਫਲੋਰਾ ਅਤੇ ਸੁਰਮੁਖ ਸਿੰਘ ਮਾਣਕੂ ਵੱਲੋਂ ਇਸ ਸਮਾਗਮ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁਚਾਉਣ ਦਾ ਅਹਿਮ ਰੋਲ ਨਿਭਾਇਆ ਜੋ ਕਾਬਲੇ ਤਾਰੀਫ਼ ਸੀ।