* ਇੱਕ ਮਿਲੀਅਨ ਲੋਕਾਂ ਦੇ ਇਕੱਠ ਨੇ ਸਿੱਖਸ ਆਫ ਅਮਰੀਕਾ ਦੇ ਸਿੱਖ ਫਲੋਟ ਦਾ ਖੜ੍ਹੇ ਹੋ ਕੇ ਕੀਤਾ ਸਵਾਗਤ, ਸਿੱਖਾਂ ਨੂੰ ਮਿਲੀ ਵੱਡੀ ਪਹਿਚਾਣ
ਕੈਪੀਟਲ ਹਿੱਲ (ਡਾ. ਸੁਰਿੰਦਰ ਸਿੰਘ ਗਿੱਲ) - ਅਮਰੀਕਾ ਵਿਚ ਰਹਿੰਦੇ ਹਰ ਵਿਅਕਤੀ ਲਈ ਅਮਰੀਕਾ ਦਾ 4 ਜੁਲਾਈ ਆਜ਼ਾਦੀ ਦਿਹਾੜਾ ਬਹੁਤ ਹੀ ਅਹਿਮ ਸਥਾਨ ਰੱਖਦਾ ਹੈ। ਇਸੇ ਇਤਿਹਾਸਕ ਦਿਹਾੜੇ ਤੇ ਵਾਸ਼ਿੰਗਟਨ ਡੀ ਸੀ ਦੇ ਕੈਪੀਟਲ ਹਿੱਲ ਵਿਚ ਹਰ ਸਾਲ ਅਮਰੀਕਾ ਅਜਾਦੀ ਡੇ ਪਰੇਡ ਕੱਢੀ ਜਾਂਦੀ ਹੈ। ਇਸ ਸਾਲ ਸਿੱਖਾਂ ਦਾ ਫਲੋਟ ਅਠਵੇ ਸਾਲ ਵਿੱਚ ਦਾਖਲ ਹੋ ਗਿਆ ਹੈ। ਹਰ ਸਾਲ ਕੱਢੀ ਗਈ ਆਜ਼ਾਦੀ ਪਰੇਡ ਉਸ ਵੇਲੇ ਇਤਿਹਾਸਕ ਬਣ ਗਈ ਜਦੋਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਸਾਥੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸਿੱਖ ਫਲੋਟ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ।ਜਿਸ ਨੇ ਸਿੱਖ ਪਹਿਚਾਣ ਨੂੰ ਅਥਾਹ ਹੁਲਾਰਾ ਦਿੱਤਾ ਹੈ। ਡਾਕਟਰ ਅਡਿੱਪਾ ਪ੍ਰਸ਼ਾਦ, ਬਲਜਿੰਦਰ ਸਿੰਘ ਸ਼ੰਮੀ, ਬਖਸ਼ੀਸ਼ ਸਿੰਘ, ਚਤਰ ਸਿੰਘ, ਸੁਰਿੰਦਰ ਸਿੰਘ ਇੰਜੀਨੀਅਰ, ਸੁਰਿੰਦਰ ਸਿੰਘ ਰਹੇਜਾ, ਬਖ਼ਸ਼ੀਸ਼ ਸਿੰਘ ,ਗੁਰਿੰਦਰ ਸਿੰਘ ਪੰਨੂ , ਚਤਰ ਸਿੰਘ ਸੈਣੀ , ਦਰਸ਼ਨ ਸਿੰਘ ਸਲੂਜਾ, ਹੇਮਾ ਸਿੱਧੂ, ਮਨਜੀਤ ਸਿੰਘ ਕੈਰੋਂ, ਦਵਿੰਦਰ ਸਿੰਘ ਦਿਉ, ਮਾਸਟਰ ਧਰਮਪਾਲ , ਭਾਰੀ ਸ਼ਵਿਦਰ ਸਿਘ , ਅਮਰੀਕਨ ਸਿੱਖ ਸਾਜਿਦ ਤਰਾਰ ,ਮੰਨਪਰੀਤ ਸਿੰਘ ਮਠਾਰੂ ,ਅਮਰ ਸਿੰਘ ਮਲੀ ਸਮੇਤ ਲਗਭਗ 322 ਸਿੱਖਾਂ ਨੇ ਸਿੱਖੀ ਪਹਿਚਾਣ ਨੂੰ ਉਭਾਰਨ ਲਈ ਫਲੋਟ ਦੇ ਨਾਲ ਹਿੱਸਾ ਲਿਆ।
ਸਿੱਖ ਫਲੋਟ ਨੂੰ 60ਵੇ ਨੰਬਰ ਤੇ ਸ਼ਾਮਿਲ ਕੀਤਾ ਗਿਆ ਸੀ। ਅਮਰੀਕਨ ਆਰਮੀ ਵਲੋਂ ਅਫਗਾਨਿਸਤਾਨ ਵਿਚ ਜੁਝਾਰੂ ਸੇਵਾਵਾਂ ਨਿਭਾਉਣ ਵਾਲੇ ਫੌਜੀ ਸ੍ਰ. ਕਮਲਜੀਤ ਸਿੰਘ ਕਲਸੀ ਆਪਣੇ ਸਾਥੀਆਂ ਸਮੇਤ ਇਸ ਫਲੋਟ ਦੀ ਅਗਵਾਈ ਕਰ ਰਹੇ ਸਨ ਅਤੇ ਪਹਿਲੀ ਕਤਾਰ ਵਿਚ ਗੈਸਟ ਆਫ ਆਨਰ ਵਜੋਂ ਵਿਸ਼ਵ ਪ੍ਰਸਿੱਧ ਪੱਤਕਾਰ ਹਰਵਿੰਦਰ ਰਿਆੜ ਦੀ ਸ਼ਮੂਲੀਅਤ ਨੇ ਪਰੇਡ ਨੂੰ ਹੋਰ ਵੀ ਖ਼ੂਬ ਸੂਰਤ ਕਰ ਦਿੱਤਾ।ਜਿਨਾ ਪਰੇਡ ਦੀ ਰੰਗਤ ਲਫ਼ਜ਼ਾਂ ਨਾਲ ਭਰ ਦਿੱਤਾ ਜੋ ਕਾਬਲੇ ਤਾਰੀਫ਼ ਸੀ।ਇੱਥੇ ਇਹ ਦੱਸਣਯੋਗ ਹੈ ਕਿ ਸਿੱਖ ਫਲੋਟ ਇੱਕੋ ਇੱਕ ਰੌਚਕ ਫਲੋਟ ਸੀ ਜਿਸ ਲਈ ਲੋਕ ਦੋ ਮੀਲ ਦੇ ਏਰੀਏ ਵਿਚ ਤਾੜੀਆਂ ਮਾਰ ਕੇ ਸਵਾਗਤ ਕਰਦੇ ਰਹੇ । ਅਮੈਰਿਕਨ ਭਾਈਚਾਰਿਆਂ ਦੇ ਲੋਕਾਂ ਨੇ ਵੀ ਖੜੇ ਹੋ ਕੇ ਇਸ ਦਾ ਸਵਾਗਤ ਕੀਤਾ। ਭਖਦੀ ਗਰਮੀ ਵਿਚ ਵੱਡੀ ਗਿਣਤੀ ਵਿਚ ਆਏ ਲੋਕਾਂ ਨੇ ਦੇਸ਼ ਪ੍ਰਤੀ ਇਕਜੁੱਟਤਾ ਅਤੇ ਇਮਾਨਦਾਰੀ ਦਾ ਪ੍ਰਣ ਕੀਤਾ। ਪੁਲਿਸ ਵਿਭਾਗ ਦੇ ਪਰਮਜੀਤ ਸਿੰਘ ਬੇਦੀ ਅਤੇ ਉੱਘੇ ਬਿਜ਼ਨਸਮੈਨ ਦਲਜੀਤ ਸਿੰਘ ਸੰਧੂ ਕੈਲੀਫੋਰਨੀਆਂ ਵਿਸ਼ੇਸ਼ ਤੌਰ ਤੇ ਪਰੇਡ ਵਿਚ ਸ਼ਾਮਿਲ ਹੋਏ। ਫਲੋਟ ਦੇ ਪਿੱਛੇ ਪਿੱਛੇ ਗੱਭਰੂਆਂ ਅਤੇ ਮਟਿਆਰਾਂ ਨੇ ਭੰਗੜੇ ਨਾਲ ਅਮਰੀਕਨਾ ਦਾ ਮਨ ਮੋਹ ਲਿਆ। ਜਸ ਪੰਜਾਬੀ ਵਲੋਂ ਹਰਵਿੰਦਰ ਸਿੰਘ ਰਿਆੜ ਅਤੇ ਦੀਪਕ ਧੀਮਾਨ ਵਲੋਂ ਸਮੁੱਚੀ ਪਰੇਡ ਦਾ ਲਾਈਵ ਟੈਲੀਕਾਸਟ ਕੀਤਾ ਗਿਆ। ਕੁਲਵਿਦੰਰ ਸਿੰਘ ਫਲੋਰਾ ਤੇ ਸੁਰਮੁਖ ਸਿੰਘ ਮਾਣਕੂ ਨੇ ਪੂਰੀ ਪਰੇਡ ਨੂੰ ਕੈਮਰੇ ਵਿੱਚ ਬੰਦ ਕੀਤਾ।