ਮੈਰੀਲੈਂਡ (ਗਿੱਲ) - ਸਿੱਖ ਐਸੋਸੀਏਸ਼ਨ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ਦਾ ਗੁਰਮਤਿ ਕੈਂਪ ਗੁਰੂਘਰ ਵਿਖੇ ਅਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਪੰਜ ਵਿਸ਼ਿਆਂ ਰਾਹੀਂ ਬੱਚਿਆਂ ਨੂੰ ਗਿਆਨ ਦਿੱਤਾ ਜਾਵੇਗਾ। ਧਰਮ ਕੀ ਹੈ, ਗੁਰਮਤਿ ਦੇ ਸਿਧਾਂਤ ਕੀ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਧਰਮ ਦੀ ਰਾਖੀ ਅਤੇ ਸ਼ਬਦ ਗੁਰੂ ਦੀ ਮਹੱਤਤਾ ਤੇ ਚਾਨਣਾ ਪਾਇਆ ਜਾਵੇਗਾ। ਭਾਵੇਂ ਇਸ ਗੁਰੂਘਰ ਦਾ ਇਹ ਪਹਿਲਾ ਕੈਂਪ ਹੈ ਪਰ ਵਿਦਿਆਰਥੀਆਂ ਅਤੇ ਮਾਪਿਆਂ ਦਾ ਉਤਸ਼ਾਹ ਬਹੁਤ ਹੀ ਸ਼ਲਾਘਾਯੋਗ ਵੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਧਰਮਪਾਲ ਸਿੰਘ ਸਕੱਤਰ ਨੇ ਕੈਂਪ ਦੇ ਨਾਇਕ ਸਰਜਨ ਸਿੰਘ ਕੈਲੀਫੋਰਨੀਆਂ ਵਲੋਂ ਬੱਚਿਆਂ ਨੂੰ ਗੁਰਮਤਿ ਦੇਣ ਲਈ ਦਿੱਤੇ ਸਮੇਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਵਲੋਂ ਗੁਰਮਤਿ ਪ੍ਰਤੀ ਦੇਣ ਬਾਰੇ ਚਾਨਣਾ ਪਾਇਆ। ਮਨਜੀਤ ਸਿੰਘ ਕੈਰੋਂ ਵਲੋਂ ਕੈਂਪ ਵਿੱਚ ਸ਼ਮੂਲੀਅਤ ਕਰਕੇ ਪੂਰੇ ਕੈਂਪ ਦੀ ਰੂਪਰੇਖਾ ਤੇ ਨਜ਼ਰ ਟਿਕਾਈ ਰੱਖੀ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਸ਼ਲਾਘਾਯੋਗ ਕੀਤਾ ਜੋ ਕਾਬਲੇ ਤਾਰੀਫ ਸੀ। ਕੈਂਪ ਦੀ ਸ਼ੁਰੂਆਤ ਵਿੱਚ ਡਾ. ਸੁਰਿੰਦਰ ਸਿੰਘ ਗਿੱਲ ਨੇ ਅਜਿਹੇ ਗੁਰਮਤਿ ਕੈਂਪ ਹਰ ਸਾਲ ਲਾਉਣ ਦੀ ਤਾਕੀਦ ਕੀਤੀ, ਜਿੱਥੇ ਮਾਪਿਆ ਅਤੇ ਬੱਚਿਆਂ ਦੇ ਸਹਿਯੋਗ ਨੂੰ ਰਿਣੀ ਪੂਰਨ ਦੱਸਿਆ, ਉੱਥੇ ਮਾਪਿਆਂ ਨੂੰ ਬੱਚਿਆਂ ਨਾਲ ਘਰ ਪੰਜਾਬੀ ਬੋਲਣ ਅਤੇ ਸਕੂਲ ਦਾ ਦਿੱਤਾ ਕੰਮ ਘਰੋਂ ਕਰਵਾਕੇ ਭੇਜਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਕੈਂਪ ਦੇ ਮੁੱਖ ਉਦੇਸ਼ਾਂ ਦੀ ਭਰਪੂਰ ਜਾਣਕਾਰੀ ਨੂੰ ਕਲਮਬੰਦ ਕਰਕੇ ਬੱਚਿਆਂ ਨੂੰ ਹਰ ਰੋਜ਼ ਜਾਗਰੂਕ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਭਾਈ ਸਰਜਨ ਸਿੰਘ ਖਾਲਸਾ ਨੇ ਬਹੁਤ ਹੀ ਸਲੀਕੇ ਅਤੇ ਸਰਲ ਢੰਗ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਜੋ ਪ੍ਰੇਰਨਾ ਸਰੋਤ ਸਾਬਤ ਹੋਈਆਂ ਹਨ। ਭਾਈ ਸੁਰਜੀਤ ਸਿੰਘ ਹੈੱਡ ਗ੍ਰੰਥੀ ਵਲੋਂ ਅਰਦਾਸ ਨਾਲ ਕੈਂਪ ਦੀ ਸ਼ੁਰੂਆਤ ਕੀਤੀ। ਸੰਗਤਾਂ ਵਲੋਂ ਭਰਪੂਰ ਸੇਵਾ ਕਰਕੇ ਵਾਹ ਵਾਹ ਖੱਟੀ ਹੈ ਜਿਸ ਲਈ ਇਹ ਗੁਰਮਤਿ ਕੈਂਪ ਸਫਲ ਰਾਹ ਅਖਤਿਆਰ ਕਰ ਗਿਆ ਅਤੇ ਬੱਚਿਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਇਆ ਹੈ।ਭਾਈ ਗੁਰਪ੍ਰੀਤ ਸਿੰਘ ਬਠਿੰਡਾ ਵਾਲਿਆ ਦੇ ਕੀਰਤਨ ਜਥੇ ਨੇ ਗੁਰਸ਼ਬਦ ਰਾਹੀਂ ਨਿਹਾਲ ਕੀਤਾ।