* ਦੇਸ਼ ਵਿਦੇਸ਼ ਤੋਂ ਖਾਲਿਸਤਾਨੀ ਸਮੱਰਥਕਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ ਨਾਲ ਖਾਲਿਸਤਾਨ ਦੀ ਲਹਿਰ ਨੂੰ ਮਜ਼ਬੂਤ ਕਰਨ ਤੇ 2020 ਰਿਫਰੰਡਮ ਨੂੰ ਕਾਮਯਾਬ ਕਰਨ ਦਾ ਪ੍ਰਣ ਲਿਆ
ਵਰਜੀਨੀਆ (ਗਿੱਲ) - ਖਾਲਸਾ ਰਾਜ ਦੀ ਪ੍ਰਾਪਤੀ ਲਈ ਜੋ ਯੋਗਦਾਨ ਡਾਕਟਰ ਗੁਰਮੀਤ ਸਿੰਘ ਔਲਖ ਨੇ ਪਾਇਆ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਦੀ ਸੋਚ ਅਤੇ ਸਖਸ਼ੀਅਤ ਐਸੀ ਮਜ਼ਬੂਤ ਸੀ ਜਿਸ ਨੂੰ ਦੁਨੀਆਂ ਦੀ ਕੋਈ ਤਾਕਤ ਬਦਲ ਨਹੀਂ ਸੀ ਸਕਦੀ। ਉਨ੍ਹਾਂ ਵਲੋਂ ਤੋਰੀ ਇਸ ਲਹਿਰ ਨੂੰ ਐਸਾ ਹੁਲਾਰਾ ਤੇ ਹੁੰਗਾਰਾ ਪ੍ਰਾਪਤ ਹੈ ਕਿ 1984 ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਸੇਕ ਲੱਗਾ ਸੀ ਉਹ ਇੱਕ ਇੱਕ ਕਰਕੇ ਇਸ ਲਹਿਰ ਨਾਲ ਜੁੜ ਗਏ। ਅੱਜ ਵੀ ਭਾਵੇਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਵਿਅਕਤੀ ਜੋ ਸਰਕਾਰ ਵਿੱਚ ਥਾਂ ਰੱਖਦਾ ਹੋਵੇ ਉਸ ਦੀ ਵਿਰੋਧਤਾ ਕਰਨਾ ਇਨ੍ਹਾਂ ਦੇ ਹਮਾਇਤੀਆਂ ਦਾ ਪਹਿਲਾ ਫਰਜ਼ ਹੈ। ਸੋ ਇਸ ਲਹਿਰ ਦੇ ਬਾਨੀ ਜਿੱਥੇ ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ, ਉੱਥੇ ਇਸ ਖਾਲਸਾ ਰਾਜ ਦੀ ਪ੍ਰਾਪਤੀ ਲਹਿਰ ਨੂੰ ਡਾਢਾ ਧੱਕਾ ਲੱਗਾ ਹੈ।
ਜ਼ਿਕਰਯੋਗ ਹੈ ਕਿ ਪੂਰੇ ਸੰਸਾਰ ਤੋਂ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਸੱਤ ਦਿਨ ਤਾਂਤਾ ਲੱਗਾ ਰਿਹਾ। ਜਿੱਥੇ ਖਾਲਸਾਈ ਝੰਡੇ ਵਿੱਚ ਲਿਪਟੀ ਉਨ੍ਹਾਂ ਦੀ ਦੇਹ ਦੇ ਦਰਸ਼ਨ ਕਰਦੇ ਹੋਏ ਖਾਲਸਤਾਨੀ ਲਹਿਰ ਦੇ ਅਹੁਦੇਦਾਰਾਂ ਵਲੋਂ ਡੂੰਘੀ ਸ਼ਰਧਾਂਜਲੀ ਭੇਂਟ ਕਰਦੇ ਅੱਖਾਂ ਨਮ ਨਾਲ ਸੋਗ ਪ੍ਰਗਟਾਇਆ ਗਿਆ, ਉਪਰੰਤ ਬਾਅਦ ਦੁਪਿਹਰ ਗੁਰਦੁਆਰਾ ਸਿੰਘ ਸਭਾ ਬਰੈਡਕ ਰੋਡ ਵਰਜੀਨੀਆ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਸਬੰਧੀ ਭੋਗ ਪਾਏ ਗਏ। ਜਿੱਥੇ ਕੀਰਤਨੀਆਂ ਵਲੋਂ ਬਹੁਤ ਹੀ ਵੈਰਾਗਮਈ ਕੀਰਤਨ ਕੀਤਾ ਅਤੇ ਵਿਛੜੀ ਰੂਹ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਭਾਵੇਂ ਭਾਰੀ ਇਕੱਠ ਅਤੇ ਦੇਸ਼ ਵਿਦੇਸ਼ ਦੀਆਂ ਸਖਸ਼ੀਅਤਾਂ ਵਲੋਂ ਆਪਣੀ ਹਾਜ਼ਰੀ ਦਾ ਪ੍ਰਗਟਾਵਾ ਕੀਤਾ ਗਿਆ, ਪ੍ਰੰਤੂ ਇਸ ਮੌਕੇ ਵੀ ਉਨ੍ਹਾਂ ਵਲੋਂ ਖਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਿਣ ਨੂੰ ਤਰਜੀਹ ਦਿੱਤੀ ਗਈ। ਹਿੰਮਤ ਸਿੰਘ, ਡਾ. ਅਮਰਜੀਤ ਸਿੰਘ, ਦਵਿੰਦਰ ਸਿੰਘ ਦਿਉ, ਡਾ. ਪ੍ਰਿਤਪਾਲ ਸਿੰਘ, ਬੂਟਾ ਸਿੰਘ ਖੜੌਦ, ਬਖਸ਼ੀਸ਼ ਸਿੰਘ, ਭਾਈ ਸਵਿੰਦਰ ਸਿੰਘ, ਡਾ. ਰਾਜਵੰਤ, ਇੰਦਰ ਬੀਰ ਸਿੰਘ ਤੋਂ ਇਲਾਵਾ ਅਨੇਕਾਂ ਦ੍ਰਿੜ ਸਖਸ਼ੀਅਤਾਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦਵਿੰਦਰ ਸਿੰਘ ਮਨਾਸਿਸ ਨੇ ਕਿਹਾ ਕਿ ਅਜਿਹੀਆਂ ਸਖਸ਼ੀਅਤਾਂ ਹਮੇਸ਼ਾ ਕੌਮ ਲਈ ਪ੍ਰੇਰਨਾ ਸਰੋਤ ਹੁੰਦੀਆਂ ਹਨ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ ਹੈ। ਅਸੀਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹਰੇਕ ਘੜੀ ਵਿੱਚ ਸਹਾਈ ਹੋਵਾਂਗੇ।
ਸਮੁੱਚੇ ਤੌਰ ਤੇ ਡਾ. ਗੁਰਮੀਤ ਸਿੰਘ ਔਲਖ ਇੱਕ ਵਧੀਆ ਇਨਸਾਨ, ਕੌਮ ਲਈ ਮਰ ਮਿਟਣ ਵਾਲੇ, ਪ੍ਰੇਰਨਾ ਸ੍ਰੋਤ ਪ੍ਰਾਣੀ ਸਨ, ਜਿਨ੍ਹਾਂ ਨੇ ਹਮੇਸ਼ਾ ਹੀ ਜਥੇਬੰਦੀ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਖਾਲਸਾ ਰਾਜ ਅਤੇ ਖਾਲਿਸਤਾਨ ਲਹਿਰ ਲਈ ਚਮਕੇਗਾ। ਵਿਦੇਸ਼ਾਂ ਵਿੱਚ ਬੈਠੇ ਖਾਲਸਾਈ ਰਾਜ ਦੇ ਹਮਾਇਤੀਆਂ ਵਲੋਂ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਨ੍ਹਾਂ ਦੇ ਖਾਲਸਾ ਰਾਜ ਦੇ ਕਾਰਜ ਨੂੰ ਦ੍ਰਿੜ ਇਰਾਦੇ ਨਾਲ ਅੱਗੇ ਤੋਰਿਆ ਜਾਵੇ ਅਤੇ ਇਸ ਤੇ ਪਹਿਰਾ ਦਿੱਤਾ ਜਾਵੇ। ਇਹ ਸਮੁੱਚੀ ਕੌਮ ਲਈ ਡਾ. ਗੁਰਮੀਤ ਸਿੰਘ ਔਲਖ ਨੂੰ ਸ਼ਰਧਾਂਜਲੀ ਹੋਵੇਗੀ।