ਵਾਸ਼ਿੰਗਟਨ (ਗਿੱਲ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਆਪਣੀ ਵਿਦੇਸ਼ ਯਾਤਰਾ ਦੇ ਪਹਿਲੇ ਪੜਾਅ ਵਿੱਚ ਪੁਰਤਗਾਲੀ ਹਮਰੁਤਬਾ ਨਾਲ ਮੁਲਾਕਾਤ ਤੋਂ ਬਾਅਦ ਹੁਣ ਅਮਰੀਕਾ ਪਹੁੰਚ ਗਏ ਹਨ। ਯਾਤਰਾ ਦੇ ਦੂਜੇ ਪੜਾਅ ਦੇ ਤਹਿਤ ਵਾਸ਼ਿੰਗਟਨ ਪਹੁੰਚੇ ਮੋਦੀ ਦਾ ਜਹਾਜ਼ ਜਾਇੰਟ ਬੇਸ ਐਂਡਰਿਊਜ਼ ਤੇ ਉਤਰਿਆ, ਜਿੱਥੇ ਭਾਰਤੀ ਹਾਈ ਕਮਿਸ਼ਨਰ ਨਵਤੇਜ ਸਿੰਘ ਸਰਨਾ ਅਤੇ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਦੇ ਇੰਚਾਰਜ ਮੇਰੀਕੇ ਲਾਸ ਕਾਰਲਸਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਕਈ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਤੋਂ ਬਿਨਾਂ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮੋਦੀ ਦੇ ਸਵਾਗਤ ਵਿੱਚ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਸੱਚਾ ਦੋਸਤ' ਦੱਸਿਆ ਹੈ। ਜਿੱਥੇ ਪ੍ਰਵਾਸੀਆਂ ਨੂੰ ਲਗਦਾ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਆਪਣੇ ਮੁਲਕ ਦੇ ਅਹਿਮ ਮੁੱਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਉਠਾਉਣਗੇ, ਉੱਥੇ ਪ੍ਰਵਾਸੀਆਂ ਵਲੋਂ ਪ੍ਰਧਾਨ ਮੰਤਰੀ ਨੂੰ ਵਾਸ਼ਿੰਗਟਨ ਏਅਰਪੋਰਟ ਤੇ ਜੀ ਆਇਆਂ ਕਹਿਣ ਲਈ ਕਾਫਲਿਆਂ ਦੇ ਰੂਪ ਵਿੱਚ ਪਹੁੰਚੇ ਹਨ। ਭਾਰਤੀ ਦੂਤਾਵਾਸ ਵਲੋਂ ਭਾਰਤੀਆਂ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ। ਜਿਸ ਲਈ ਓਵਰਸੀਜ਼ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਅਡੱਪਾ ਪ੍ਰਸਾਦ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਏਅਰਪੋਰਟ ਤੇ ਮੋਦੀ ਦੇ ਸਵਾਗਤ ਲਈ ਪਹੁੰਚੇ ਹਨ।
ਸਿੱਖਾਂ ਦੇ ਵਫਦ ਦੀ ਅਗਵਾਈ ਸੁਰਿੰਦਰ ਸਿੰਘ ਰਹੇਜਾ ਕਨਵੀਨਰ ਬੀ. ਜੇ. ਪੀ. ਵਰਜੀਨੀਆ ਕਰ ਰਹੇ ਹਨ ਜਿਨ੍ਹਾਂ ਦੇ ਨਾਲ ਚਤਰ ਸਿੰਘ ਕਨਵੀਨਰ ਡੀ. ਸੀ. ਚੈਪਟਰ, ਬਲਜਿੰਦਰ ਸਿੰਘ ਸ਼ੰਮੀ ਮੈਰੀਲੈਂਡ ਚੈਪਟਰ ਅਤੇ ਜਸ ਪੰਜਾਬੀ ਟੀਮ ਦੇ ਸੁਰਮੁਖ ਸਿੰਘ ਮਾਣਕੂ ਪੂਰੇ ਲਾਮ ਲਸ਼ਕਰ ਨਾਲ ਨਿੱਘੇ ਸਵਾਗਤ ਲਈ ਮੋਦੀ ਦੀ ਏਅਰਪੋਰਟ ਆਮਦ ਤੇ ਸ਼ਾਮਲ ਹੋਏ। ਜਿੱਥੇ ਪ੍ਰਵਾਸੀਆਂ ਵਲੋਂ ਮੋਦੀ ਜਿੰਦਾਬਾਦ, ਭਾਰਤ ਸਰਕਾਰ ਜਿੰਦਾਬਾਦ ਤੋਂ ਇਲਾਵਾ ਭਾਰਤੀ ਮੀਡਿਆ ਰਾਹੀਂ ਬਹੁਤ ਹੀ ਪ੍ਰਭਾਵੀ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਵਲੋਂ ਵੀ ਪ੍ਰਵਾਸੀਆਂ ਦੀ ਇਸ ਆਮਦ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਪ੍ਰਵਾਸੀਆਂ ਦੇ ਹਿਤਾਂ ਦੀ ਰਾਖੀ ਲਈ ਹੀ ਡੋਨਲਡ ਟਰੰਪ ਨਾਲ ਮੀਟਿੰਗਾਂ ਕਰ ਰਹੇ ਹਨ।
ਅਡੱਪਾ ਪ੍ਰਸਾਦ ਨੇ ਸੰਖੇਪ ਮਿਲਣੀ ਰਾਹੀਂ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਦਿੱਤੀਆਂ ਪ੍ਰਵਾਸੀ ਸਕੀਮਾ ਕਾਰਗਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਬੈਸੀ ਵਲੋਂ ਪ੍ਰਧਾਨ ਮੰਤਰੀ ਦੇ ਕਹਿਣ ਤੇ ਓਪਨ ਹਾਊਸ ਰਾਹੀਂ ਦੁੱਖ ਤਕਲੀਫਾਂ ਸੁਣ ਕੇ ਅੰਬੈਸੀ ਸਟਾਫ ਨੂੰ ਪ੍ਰਵਾਸੀਆਂ ਦੀਆਂ ਬਰੂਹਾਂ ਤੇ ਸੇਵਾ ਦੇਣ ਦੀ ਗੱਲ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਸੰਸਾਰ ਦੇ ਸ਼ਕਤੀਸ਼ਾਲੀ ਮੁਲਕ ਹਨ ਜਿਨ੍ਹਾਂ ਦੀਆਂ ਨੀਤੀਆਂ ਅਤੇ ਸੰਧੀਆਂ ਸੰਸਾਰ ਲਈ ਲਾਹੇਵੰਦ ਸਾਬਤ ਹੋਣਗੀਆਂ। ਉਨ੍ਹਾਂ ਮੁਤਾਬਕ ਅੱਤਵਾਦ, ਵਪਾਰ ਅਤੇ ਸਬੰਧਾਂ ਪ੍ਰਤੀ ਨਵੇਂ ਇਤਿਹਾਸ ਦੀ ਸਿਰਜਣਾ ਹੋਵੇਗੀ ਜਿਸ ਨਾਲ ਪ੍ਰਵਾਸੀਆਂ ਦੇ ਜਾਨ ਮਾਲ ਦੀ ਰਾਖੀ ਤੋਂ ਇਲਾਵਾ ਭਾਰਤੀਆਂ ਦੇ ਵੀਜਿਆਂ ਵਿੱਚ ਬੜੌਤੀ ਹੋਣ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।
ਸਮੁੱਚੇ ਤੌਰ ਤੇ ਅੱਜ ਦਾ ਭਾਰੀ ਇਕੱਠ ਮੋਦੀ ਦੀ ਅਮਰੀਕਾ ਦੀ ਧਰਤੀ ਤੇ ਪੈਰ ਰੱਖਦਿਆਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਖੁਸ਼ ਕਰ ਗਿਆ। ਇਹ ਇਕੱਠ ਅਤੇ ਮੋਦੀ ਦਾ ਜੀ ਆਇਆਂ ਪ੍ਰਵਾਸੀਆਂ ਦੀ ਦੇਸ਼ ਪ੍ਰਤੀ ਸੁਹਿਰਦਤਾ, ਪਿਆਰ ਅਤੇ ਦ੍ਰਿੜਤਾ ਦਾ ਪ੍ਰਤੀਕ ਸਾਬਤ ਹੋਇਆ ਹੈ। ਆਸ ਹੈ ਕਿ ਅਗਲੇ ਦੋ ਦਿਨਾਂ ਵਿੱਚ ਪ੍ਰਵਾਸੀਆਂ ਦੇ ਨਾਲ ਨਿੱਜੀ ਮਿਲਣੀ ਉਪਰੰਤ ਟਰੰਪ ਮਿਲਣੀ ਲਈ ਮੁੱਦੇ ਉਠਾਉਣ ਵਿੱਚ ਮੋਦੀ ਲਈ ਕਾਰਗਰ ਸਾਬਤ ਹੋਵੇਗੀ। ਮੋਦੀ ਘੇਰਾ ਤੋੜ ਕੇ ਪ੍ਰਵਾਸੀਆਂ ਦੇ ਨਾਲ ਨੇੜਤਾ ਜਿਤਾਉਂਦੇ ਨਿੱਘੇ ਸਵਾਗਤ ਦਾ ਅਨੰਦ ਮਾਣਦੇ ਨਾਜ਼ਰ ਆਉਂਦੇ ਵੇਖੇ ਗਏ ਹਨ।