ਨਿਊਜਰਸੀ (ਗਿੱਲ) - ਵਿਦੇਸ਼ੀ ਪੰਜਾਬੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਨਿਊਜਰਸੀ ਰਿਪਬਲਿਕਨ ਪਾਰਟੀ ਦੀ ਡਿਸਟ੍ਰਿਕ 19 ਦੀ ਸਿੱਖ ਬੀਬੀ ਅਮਰਜੀਤ ਕੌਰ ਰਿਆੜ ਅਸੰਬਲੀ ਦੀ ਪ੍ਰਾਇਮਰੀ ਚੋਣ ਜਿੱਤ ਗਈ ਹੈ। ਜਿੱਥੇ ਇਹ ਉਪਰਾਲਾ ਪੰਜਾਬੀਆਂ ਦੇ ਸਮੂਹਿਕ ਸਹਿਯੋਗ ਸਦਕਾ ਕਾਮਯਾਬੀ ਦਾ ਰਾਹ ਅਖਤਿਆਰ ਹੋ ਸਕਿਆ ਹੈ, ਉੱਥੇ ਡਾ. ਸੁਰਿੰਦਰ ਸਿੰਘ ਗਿੱਲ ਪਬਲਿਕ ਰਿਲੇਸ਼ਨ ਅਫਸਰ ਦੀ ਅਣਥੱਕ ਮਿਹਨਤ ਨੇ ਵੀ ਇਸ ਪ੍ਰਾਇਮਰੀ ਚੋਣ ਵਿੱਚ ਗੂੜ੍ਹਾ ਰੰਗ ਭਰਿਆ ਹੈ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਨੂੰ ਇਕਜੁਟ ਹੋਣ ਦਾ ਸਬੂਤ ਅਤੇ ਏਕੇ ਦੀ ਬਰਕਤ ਦਾ ਪਾਠ ਅਨੁਸਾਸ਼ਨ ਵਿੱਚ ਰਹਿ ਕੇ ਅਖਤਿਆਰ ਕਰਨ 'ਤੇ ਜ਼ੋਰ ਦਿੱਤਾ। ਜਿਸ ਸਦਕਾ ਬੀਬੀ ਅਮਰਜੀਤ ਕੌਰ ਰਿਆੜ ਦੇ ਮੁਕਾਬਲੇ ਵਿੱਚ ਸਾਰਿਆਂ ਆਪਣੀ ਹਮਾਇਤ ਬੀਬੀ ਦੀ ਝੋਲੀ ਪਾ ਦਿੱਤੀ ਹੈ।
ਬਰਜਿੰਦਰ ਸਿੰਘ ਬਰਾੜ ਜੋ ਮੁੱਖ ਚੋਣ ਇੰਚਾਰਜ ਹਨ ਉਨ੍ਹਾਂ ਦੀ ਸਖਤ ਮਿਹਨਤ ਅਤੇ ਹਰ ਪੰਜਾਬੀ ਤੱਕ ਪਹੁੰਚ ਦੇ ਨਾਲ-ਨਾਲ ਸਮੁੱਚੀ ਟੀਮ ਨੂੰ ਇੱਕਜੁਟ ਅਤੇ ਇਕ ਲੜੀ ਵਿੱਚ ਪ੍ਰੋਅ ਕੇ ਰੱਖਣ ਦੀ ਵਿਉਂਤਬੰਦੀ ਵੀ ਕਾਰਗਰ ਸਾਬਤ ਹੋਈ ਹੈ। ਹਰਵਿੰਦਰ ਸਿੰਘ ਰਿਆੜ ਉੱਘੇ ਵਿਸ਼ਲੇਸ਼ਨਕਾਰ ਅਤੇ ਵਿਦੇਸ਼ੀ ਪੰਜਾਬੀ ਪੱਤਰਕਾਰਤਾ ਦੇ ਪਿਤਾਮਾ ਨੇ ਕਿਹਾ ਕਿ ਇਹ ਸਮੁੱਚੇ ਭਾਈਚਾਰੇ ਦੀ ਜਿੱਤ ਹੈ ਜਿਨ੍ਹਾਂ ਨੇ ਸਿੱਖ ਪੰਜਾਬੀ ਔਰਤ ਬੀਬੀ ਅਮਰਜੀਤ ਕੌਰ ਰਿਆੜ ਨੂੰ ਮਾਣ ਬਖਸ਼ਿਆ ਹੈ ਅਤੇ ਉਨ੍ਹਾਂ ਨੂੰ ਪ੍ਰਾਇਮਰੀ ਜਿਤਾ ਕੇ ਅਸੰਬਲੀ ਦਰਵਾਜੇ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਮੁੱਖ ਚੋਣ ਵਿੱਚ ਭਾਈ ਸ਼ਮੂਲੀਅਤ ਕਰਕੇ ਅਤੇ ਇਕਜੁਟ ਹੋ ਕੇ ਆਪਣੀ ਇੱਕੋ ਇੱਕ ਪੰਜਾਬੀ ਔਰਤ ਉਮੀਦਵਾਰ ਨੂੰ ਅਸੰਬਲੀ ਵਿੱਚ ਪਹੁੰਚਾਉਣਾ ਤੁਹਾਡਾ ਫਰਜ਼ ਬਣ ਗਿਆ ਹੈ। ਸੋ ਡਿਸਟ੍ਰਿਕਟ¸19 ਦਾ ਸਮੁੱਚਾ ਭਾਈਚਾਰਾ ਦਿਨ ਰਾਤ ਇੱਕ ਕਰਕੇ ਸਮੁੱਚੇ ਇਲਾਕੇ ਵਿਚ ਘਰ ਘਰ ਜਾ ਕੇ ਬੀਬੀ ਅਮਰਜੀਤ ਕੌਰ ਰਿਆੜ ਲਈ ਇੱਕ ਇੱਕ ਵੋਟ ਦੀ ਮੰਗ ਨੂੰ ਅਮਲੀ ਜਾਮਾ ਪਹਿਨਾ ਕੇ ਭਾਰੀ ਜਿੱਤ ਨਾਲ ਅਸੰਬਲੀ ਵਿੱਚ ਬਿਠਾਵੇਗਾ ਤਾਂ ਜੋ ਡਿਸਟ੍ਰਿਕ ¸19 ਨੂੰ ਨਿਊਜਰਸੀ ਦਾ ਸਰਵੋਤਮ ਡਿਸਟ੍ਰਿਕਟ ਬਣਾਉਣ ਲਈ ਸਹੂਲਤਾਂ ਲੈ ਕੇ ਦਿੱਤੀਆਂ ਜਾ ਸਕਣ।
ਬੀਬੀ ਅਮਰਜੀਤ ਕੌਰ ਰਿਆੜ ਵਲੋਂ ਸਮੁੱਚੀ ਚੋਣ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਜਿੱਤ ਡਿਸਟ੍ਰਿਕਟ ¸19 ਦੇ ਰਿਹਾਇਸ਼ੀਆਂ ਦੀ ਹੈ ਜਿਨ੍ਹਾਂ ਨੇ ਮੈਨੂੰ ਆਪਣੀ ਹਮਾਇਤ ਬਖਸ਼ ਕੇ ਅਸੰਬਲੀ ਦੇ ਦਰਵਾਜੇ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਮੈਨੂੰ ਪੂਰਨ ਆਸ ਹੈ ਕਿ ਡਿਸਟ੍ਰਿਕਟ ¸19 ਦੇ ਸਮੂਹ ਰਿਹਾਇਸ਼ੀ ਮੁੱਖ ਚੋਣ ਸਮੇਂ ਭਾਰੀ ਹਮਾਇਤ ਨਾਲ ਅਸੰਬਲੀ ਦੀ ਕੁਰਸੀ ਤੱਕ ਪਹੁੰਚਾ ਕੇ ਡਿਸਟ੍ਰਿਕਟ ¸19 ਦੇ ਵਿਕਾਸ ਦੀ ਨੀਂਹ ਨੂੰ ਪੱਕਿਆਂ ਕਰਨਗੇ।
ਅਮਰਜੀਤ ਕੌਰ ਰਿਆੜ ਦੀ ਪ੍ਰਾਇਮਰੀ ਅਸੰਬਲੀ ਚੋਣ ਦੀ ਜਿੱਤ 'ਤੇ ਵਧਾਈਆਂ
ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰਜੀਤ ਕੌਰ ਰਿਆੜ ਪਹਿਲੀ ਪੰਜਾਬਣ ਨੇ ਰਿਪਬਲਿਕਨ ਉਮੀਦਵਾਰ ਵਜੋਂ ਡਿਸਟ੍ਰਿਕਟ ¸19 ਨਿਊਜਰਸੀ ਤੋਂ ਪ੍ਰਾਇਮਰੀ ਚੋਣ ਨਿਰਵਿਰੋਧ ਜਿੱਤ ਲਈ ਹੈ ਜੋ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ, ਜਿੱਥੇ ਰਿਪਬਲਿਕਨ ਲੀਡਰਾਂ ਅਤੇ ਸਹਿਯੋਗੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਉਨ੍ਹਾਂ ਨੂੰ ਅਗਲੀ ਚੋਣ ਲਈ ਕਮਰਕੱਸੇ ਕਰਕੇ ਵਿਚਰਨ ਲਈ ਸਲਾਹ ਦਿੱਤੀ ਗਈ। ਅਮਰਜੀਤ ਕੌਰ ਰਿਆੜ ਨੇ ਕਿਹਾ ਕਿ ਇਹ ਸਭ ਦੀ ਜਿੱਤ ਹੈ ਜਿਨ੍ਹਾਂ ਨੇ ਮੈਨੂੰ ਅਸੰਬਲੀ ਦਰਵਾਜੇ 'ਤੇ ਖੜ੍ਹਾ ਕੀਤਾ ਹੈ ਅਤੇ ਹੁਣ ਉਹ ਅਸੰਬਲੀ ਦੇ ਅੰਦਰ ਪ੍ਰਵੇਸ਼ ਕਰਵਾਉਣ ਲਈ ਉਪਰਾਲੇ ਕਰਨ ਤਾਂ ਜੋ ਡ੍ਰਿਸਟ੍ਰਿਕ 19 ਦੀ ਨੁਹਾਰ ਬਦਲੀ ਜਾ ਸਕੇ।
>> ਜ਼ਿਕਰਯੋਗ ਹੈ ਕਿ ਵਧਾਈਆਂ ਦੇਣ ਵਾਲਿਆਂ ਵਿੱਚ ਜਸਦੀਪ ਸਿੰਘ ਜੱਸੀ ਡਾਇਵਰਸਿਟੀ ਗਰੁੱਪ ਟਰੰਪ ਦੇ ਰਾਸ਼ਟਰੀ ਲੀਡਰ, ਸਾਜਿਦ ਤਰਾਰ ਰਿਪਬਲਿਕਨ ਲੀਡਰ ਟਰੰਪ ਟੀਮ, ਡਾ. ਸੁਖਜਿੰਦਰ ਸਿੰਘ ਗੁਰਾਇਆ, ਸੈਨੇਟਰ, ਕਾਂਗਰਸਮੈਨ ਤੋਂ ਇਲਾਵਾ ਵੱਖ-ਵੱਖ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਨੌਜਵਾਨਾਂ ਨੇ ਵੀ ਆਪਣੀ ਸ਼ਮੂਲੀਅਤ ਕਰਕੇ ਹਾਜ਼ਰੀ ਲਗਵਾਈ ਹੈ।