ਮੈਰੀਲੈਂਡ (ਗਿੱਲ) – ਸਿੱਖ ਵਿਦਿਆਰਥੀ ਸੰਸਥਾ ਯੂਨੀਵਰਸਿਟੀ ਮੈਰੀਲੈਂਡ ਵਲੋਂ ਸਿੱਖੀ ਪਹਿਚਾਣ ਨੂੰ ਪ੍ਰਫੁੱਲਤ ਕਰਨ ਅਤੇ ਅਮਰੀਕਨ ਵਿਦਿਆਰਥੀਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਲਈ ਦਸਤਾਰ ਦਿਵਸ ਦਾ ਅਯੋਜਿਨ ਕੀਤਾ ਗਿਆ। ਸਿੱਖ ਵਿਦਿਆਰਥਣਾਂ ਅਤੇ ਸਿੱਖ ਬੱਚਿਆ ਵਲੋਂ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਵਿਸਾਖੀ ਦੇ ਦਿਹਾੜੇ ਤੇ ਦਸਤਾਰਬੰਦੀ ਉਨ੍ਹਾਂ ਵਿਦਿਆਰਥੀਆਂ ਦੀ ਕੀਤੀ ਜਾਵੇਗੀ ਜੋ ਸਿੱਖੀ ਨੂੰ ਪਿਆਰ ਕਰਦੇ ਹਨ ਅਤੇ ਸਿੱਖੀ ਬਾਰੇ ਸਿੱਖਣਾ ਚਾਹੁੰਦੇ ਹਨ। ਕੈਂਪਸ ਦੇ ਕਾਫੀ ਹਾਊਸ ਦੇ ਸਾਹਮਣੇ ਵਿਦਿਆਰਥੀਆਂ ਵਲੋਂ ਦਸਤਾਰ ਬੰਨਣ ਸਮਾਗਮ ਵਿੱਚ ਗੋਰੇ, ਗੋਰੀਆਂ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ, ਜਿੱਥੇ ਉਨ੍ਹਾਂ ਵਲੋਂ ਖੁਸ਼ੀ-ਖੁਸ਼ੀ ਦਸਤਾਰਾਂ ਸਜਾਈਆਂ ਗਈਆਂ ਅਤੇ ਸਿੱਖੀ ਪ੍ਰਤੀ ਜਾਣਕਾਰੀ ਦਿਤੀ ਗਈ।
ਸਿਮਰਤ ਕੋਰ ਸਿੰਘ ਅਤੇ ਉਸ ਦੀ ਸਮੁੱਚੀ ਟੀਮ ਵਲੋਂ ਸਿੱਖੀ ਸਬੰਧੀ ਲਿਟਰੇਚਰ ਵੰਡਿਆ ਅਤੇ ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਨੂੰ ਸਿਰਾਂ ਤੇ ਸਜਾਇਆ ਗਿਆ। ਜਿੱਥੇ ਵਿਸਾਖੀ ਨੂੰ ਸਮਰਪਿਤ ਇਹ ਦਸਤਾਰ ਸਜਾਉਣ ਦਾ ਸਮਾਗਮ ਸਿੱਖੀ ਪ੍ਰਤੀ ਅਜਿਹਾ ਰੰਗ ਬਿਖੇਰ ਗਿਆ ਜਿਸ ਨੂੰ ਯੂਨੀਵਰਸਿਟੀ ਦੇ ਡਾਇਰੈਕਟਰ ਡੇਲ ਬਿੰਲਹਾਰ ਨੇ ਸ਼ਾਮਲ ਹੋ ਕੇ ਵਿਸਾਖੀ ਦਿਵਸ ਸਬੰਧੀ ਸੰਦੇਸ਼ ਪੜ੍ਹਿਆ ਅਤੇ ਵਿਦਿਆਰਥੀਆਂ ਨੂੰ ਇਸ ਦਿਹਾੜੇ ਤੇ ਢੇਰ ਸਾਰੀਆਂ ਵਧਾਈਆਂ ਦਿੱਤੀਆਂ। ਸਮੂਹ ਸੰਸਥਾ ਦੇ ਬਹੁਤ ਹੀ ਅਦਬ ਨਾਲ ਇਸ ਦਸਤਾਰ ਸਮਾਗਮ ਦੀ ਕਾਰਵਾਈ ਨੂੰ ਕਈ ਘੰਟੇ ਜਾਰੀ ਰੱਖਿਆ ਅਤੇ ਸ਼ਮੂਲੀਅਤ ਕਰਨ ਵਾਲਿਆਂ ਨੂੰ ਸਨੈਕ ਵੰਡੇ। ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀ ਪੂਰਾ ਲਾਹਾ ਲੈਂਦੇ ਨਜ਼ਰ ਆਏ।ਜੋ ਕਾਬਲੇ ਤਾਰੀਫ ਸੀ।
ਜਿੱਥੇ ਨਿੱਜੀ ਤੌਰ ਤੇ ਵਿਦਿਆਰਥੀਆਂ ਨਾਲ ਸੰਪਰਕ ਕਰਨ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੇ ਪਹਿਲਾਂ ਸਿੱਖ ਇਤਿਹਾਸ ਨੂੰ ਪੜ੍ਹਿਆ ਅਤੇ ਇਸ ਦੀ ਸ਼ਾਨ ਤੋਂ ਵਾਕਫੀ ਲਈ ਹੈ, ਫਿਰ ਉਨ੍ਹਾਂ ਦਸਤਾਰ ਸਜਾਉਣ ਦਾ ਪ੍ਰਣ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਸਿੱਖਾਂ ਦਾ ਧਰਮ ਬਹੁਤ ਨਿਵੇਕਲਾ ਹੈ ਜੋ ਮਜ਼ਲੂਮਾਂ ਦੀ ਰਾਖੀ ਕਰਦਾ ਹੈ।ਸਿੱਖ ਮਿਲਾਪੜੇ ਸੁਭਾਅ ਅਤੇ ਸੇਵਾ ਭਾਵਨਾ ਵਾਲੀ ਸਖਸ਼ੀਅਤ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਇਸ ਦਸਤਾਰ ਸਜਾਉਣ ਨੂੰ ਉਹ ਹੋਰ ਵੀ ਅੱਗੇ ਵਿਦਿਆਰਥੀਆਂ ਵਿੱਚ ਲੈ ਕੇ ਜਾਣਗੇ ਤਾਂ ਜੋ ਇਸ ਧਰਮ ਦੇ ਨਿਵੇਕਲੇਪਨ ਤੋਂ ਹੋਰ ਜਾਣੂ ਹੋ ਸਕਣ।
ਆਸ ਹੈ ਕਿ ਭਵਿੱਖ ਵਿੱਚ ਅਜਿਹੇ ਦਸਤਾਰ ਮੁਕਾਬਲਿਆਂ ਨੂੰ ਹੋਰ ਵੱਡੇ ਪੱਧਰ ਤੇ ਕਰਾਉਣ ਸਬੰਧੀ ਸੰਸਥਾ ਨੇ ਐਲਾਨ ਕੀਤਾ।