ਵਾਸ਼ਿੰਗਟਨ ਡੀ. ਸੀ. (ਗਿੱਲ) - ਪਿਛਲੇ ਲੰਬੇ ਸਮੇਂ ਤੋਂ ਸੰਗਤਾਂ ਅਤੇ ਪ੍ਰਬੰਧਕਾਂ ਦੀ ਜੱਦੋ-ਜਹਿਦ ਤੋਂ ਬਾਅਦ ਆਖਰ ਸਿੰਘ ਸਭਾ ਗੁਰੂਘਰ ਦੀ ਨਵੀਂ ਬਿਲਡਿੰਗ ਦੀ ਪ੍ਰਵਾਨਗੀ ਮਿਲ ਗਈ। ਜਿੱਥੇ ਮੈਟਰੋ ਪੁਲਿਟਨ ਦੀ ਇਹ ਖੂਬਸੂਰਤ ਬਿਲਡਿੰਗ ਵਿੱਚ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੀਆਂ ਧਾਰਮਿਕ ਰਹੁਰੀਤਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿੱਥੇ ਦੂਰ ਦੁਰਾਡੇ ਤੋਂ ਭਾਰੀ ਸੰਗਤਾਂ ਨੇ ਕੀਰਤਨ, ਢਾਡੀ ਅਤੇ ਧਾਰਮਿਕ ਪ੍ਰਚਾਰਕਾਂ ਵਲੋਂ ਅਲਾਪੇ ਧਾਰਮਿਕ ਸੰਕਲਪ ਦਾ ਲਾਹਾ ਲਿਆ, ਉੱਥੇ ਚਾਹ, ਲੰਗਰ ਅਤੇ ਮਠਿਆਈਆਂ ਦੇ ਲੰਗਰਾਂ ਨੇ ਸੰਗਤਾਂ ਨੂੰ ਖੂਬ ਅਨੰਦ ਬਖਸ਼ਿਆ।
ਨਵੀਂ ਬਿਲਡਿੰਗ ਨੂੰ ਦੇਖਣ ਲਈ ਸੰਗਤਾਂ ਦਾ ਤਾਂਤਾ ਸਵੇਰ ਤੋਂ ਹੀ ਲੱਗਿਆ ਰਿਹਾ ਅਤੇ ਪ੍ਰਬੰਧਕਾਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲਣ ਦਾ ਅਵਸਰ ਆਮ ਵੇਖਣ ਨੂੰ ਮਿਲਿਆ। ਇਹ ਗੁਰੂਘਰ ਮੈਟਰੋਪੁਲਿਟਨ ਦਾ ਸਭ ਤੋਂ ਸੁੰਦਰ ਗੁਰੂਘਰ ਹੈ। ਜਿੱਥੋਂ ਹਰੇਕ ਧਾਰਮਿਕ ਸਮਾਗਮ ਵੱਡੇ ਪੱਧਰ ਤੇ ਉਲੀਕਣ ਲਈ ਰਾਹ ਦਸੇਰਾ ਹੈ। ਭਾਵੇਂ ਇਸ ਗੁਰੂਘਰ ਦੇ ਉਪਰਾਲੇ ਨਾਲ ਵਾਸ਼ਿੰਗਟਨ ਡੀ. ਸੀ. ਵਿਖੇ ਨਿਕਲਣ ਵਾਲੀ ਪਰੇਡ ਨੂੰ ਰਾਸ਼ਟਰੀ ਸਿੱਖ ਡੇ ਪਰੇਡ ਵਜੋਂ ਮਨਾਉਣ ਦਾ ਕਦਮ ਸ਼ਲਾਘਾਯੋਗ ਮੰਨਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਸਾਖੀ ਦੇ ਦਿਹਾੜੇ ਤੇ ਤਿੰਨ ਰੋਜ਼ਾ ਧਾਰਮਿਕ ਪ੍ਰੋਗਰਾਮ ਇਸ ਗੁਰੂਘਰ ਦਾ ਖਾਸ ਮਹੱਤਵ ਰੱਖਣ ਵਾਲਾ ਹੈ, ਜਿੱਥੇ ਪੰਥ ਪ੍ਰਸਿੱਧ ਕੀਰਤਨੀਏ, ਢਾਡੀਆਂ, ਕਥਾ ਵਾਚਕਾਂ ਅਤੇ ਪ੍ਰਚਾਰਕਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 16 ਅਪ੍ਰੈਲ ਦੀ ਵਿਸਾਖੀ ਇਸ ਗੁਰੂਘਰ ਦੀ ਵੱਖਰੀ ਛਾਪ ਛੱਡੇਗੀ ਜਿਸ ਲਈ ਸੰਘਤਾਂ ਵਿੱਚ ਭਾਰੀ ਉਤਸ਼ਾਹ ਹੈ।