ਵਰਜੀਨੀਆ (ਗਿੱਲ) – ਮੈਟਰੋਪੁਲਿਟਨ ਦੀਆਂ ਸੰਗਤਾਂ ਵਲੋਂ ਰਾਜ ਖਾਲਸਾ ਗੁਰੂਘਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਮਿਊਨਿਟੀਆਂ ਵਲੋਂ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਜਿੱਥੇ ਇਹ ਗੁਰਦੁਆਰਾ ਹਰਭਜਨ ਸਿੰਘ ਯੋਗੀ ਦੇ ਸ਼ਗਿਰਦਾਂ ਵਲੋਂ ਚਲਾਇਆ ਜਾ ਰਿਹਾ ਹੈ। ਗੁਰਸੰਗਤ ਸਿੰਘ ਦੀ ਸਰਪ੍ਰਸਤੀ ਵਿੱਚ ਚਿੱਟੇ ਬਸਤਰਾਂ ਵਿੱਚ ਬਹੁਤ ਹੀ ਸੋਹਣੇ ਢੰਗ ਨਾਲ ਧਾਰਮਿਕ ਰਹੁਰੀਤਾਂ ਨਾਲ ਵਿਚਰ ਹਰ ਗੁਰਪੁਰਬ ਨੂੰ ਮਨਾਇਆ ਜਾਂਦਾ ਹੈ। ਪਰ ਲੋਹੜੀ ਦੇ ਤਿਉਹਾਰ ਨੂੰ ਖੁਸ਼ੀਆਂ, ਖੇੜਿਆਂ ਅਤੇ ਧਾਰਮਿਕ ਰਹੁਰੀਤਾਂ ਨਾਲ ਮਨਾਇਆ ਗਿਆ।
ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਲੰਗਰ ਛਕਾਇਆ ਗਿਆ। ਉਪਰੰਤ ਬਾਹਰ ਲੋਹੜੀ ਦੀ ਅੱਗ ਬਾਲੀ ਗਈ ਜਿੱਥੇ ਲੋਹੜੀ ਨਾਲ ਸਬੰਧਤ ਗੀਤਾਂ ਨੂੰ ਗਾਇਆ ਗਿਆ। ਸਮੁੱਚੀ ਸੰਗਤ ਵਲੋਂ ਸੁੰਦਰ ਮੁੰਦਰੀਏ, ਵੰਝਲੀ ਤੋਂ ਇਲਾਵਾ ਦੁੱਲੇ ਭੱਟੀ ਨੂੰ ਯਾਦ ਕੀਤਾ ਗਿਆ। ਜਿੱਥੋਂ ਠੰਢ ਦੇ ਦਲਿੱਦਰ ਨੂੰ ਦੂਰ ਕਰਨ ਲਈ ਤਿਲਾਂ ਨੂੰ ਅੱਗ ਵਿੱਚ ਸੁੱਟਿਆ ਗਿਆ, ਉੱਥੇ ਮੂੰਗਫਲੀ, ਰਿਓੜੀਆਂ ਅਤੇ ਲੋਹੜੀ ਨਾਲ ਸਬੰਧਤ ਸਮੱਗਰੀ ਨੂੰ ਵੰਡਿਆ ਗਿਆ।
ਲੋਹੜੀ ਦੇ ਇਸ ਤਿਉਹਾਰ ਦਾ ਅਨੰਦ ਸਮੂਹ ਸੰਗਤਾਂ ਵਲੋਂ ਖੂਬ ਲਿਆ ਗਿਆ ਅਤੇ ਰਾਜ ਖਾਲਸਾ ਦੀ ਪਹਿਲ ਕਦਮੀ ਦੀ ਪ੍ਰਸ਼ੰਸਾ ਕੀਤੀ ਗਈ ਹੈ।