ਮੈਰੀਲੈਂਡ (ਗ.ਦ.) – ਪ੍ਰਵਾਸੀਆਂ ਵਲੋਂ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਉੱਘੇ ਕਵੀਆਂ, ਨਾਟਕਕਾਰਾਂ ਅਤੇ ਨਾਵਲ ਦੇ ਪਿਤਾਮਾ ਸਬੰਧੀ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਸੈਮੀਨਾਰਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਜਿਸ ਦੀ ਸ਼ੁਰੂਆਤ ਬਹੁਪੱਖੀ ਸਾਹਿਤਕਾਰ ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਲੈ ਕੇ ਇਸ ਸੈਮੀਨਾਰ ਦਾ ਅਗਾਜ਼ ਕੀਤਾ ਗਿਆ। ਇਸ ਸੈਮੀਨਾਰ ਨੂੰ ਅਯੋਜਿਤ ਕਰਨ ਲਈ ਡਾ. ਸਤਪਾਲ ਸਿੰਘ ਡਾਂਗ, ਹਰੀਰਾਜ ਸਿੰਘ ਨੇ ਸਿੱਖੀ ਰਿਸਰਚ ਇੰਸਟੀਚਿਊਟ ਦੀ ਮਦਦ ਨਾਲ ਕਾਲਜ ਪਾਰਕ ਦੇ ਸਟੂਡੈਂਟਸ ਹਾਲ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਲੇਖਕਾਂ, ਡਾਕਟਰਾਂ ਅਤੇ ਬਿਜ਼ਨਸਮੈਨਾਂ ਨੇ ਸ਼ਮੂਲੀਅਤ ਕਰਕੇ ਇਸ ਸੈਮੀਨਾਰ ਦੀ ਅਸਲੀਅਤ ਨੂੰ ਪ੍ਰਗਟਾਇਆ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਬੁਲਾਰਿਆਂ ਵਿੱਚ ਡਾ. ਨਿੱਕੀ ਗੁਰਿੰਦਰ ਕੌਰ, ਹਰਿੰਦਰ ਸਿੰਘ, ਵਿੰਨੀ ਕੌਰ, ਡਾ. ਰਾਜਦੀਪ ਸਿੰਘ, ਪੀਟਰ ਕ੍ਰਿਨ, ਅੰਮ੍ਰਿਤਾ ਕੌਰ ਡਾਂਗ ਤੇ ਜੱਸੀ ਕੌਰ ਨੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਅਤੇ ਉਨ੍ਹਾਂ ਦੀ ਕੌਮ ਨੂੰ ਸਾਹਿਤਕਾਰ ਦੇਣ ਬਾਰੇ ਵਿਸਥਾਰ ਅਤੇ ਵਿਚਾਰ ਪੂਰਵਕ ਜਾਣਕਾਰੀ ਦਿੱਤੀ ਜੋ ਕਿ ਕਾਬਲੇ ਤਾਰੀਫ ਸੀ। ਜਿੱਥੇ ਉੱਘੀਆਂ ਸਖਸ਼ੀਅਤਾਂ ਨੇ ਸੁਝਾਵਾਂ ਦੀ ਝੜੀ ਲਾਈ, ਉੱਘੇ ਭਾਈ ਵੀਰ ਸਿੰਘ ਸਦਨ ਵਿੱਚ ਆਈ ਗਿਰਾਵਟ ਤੇ ਵੀ ਚਾਨਣਾ ਪਾਇਆ ਗਿਆ। ਭਾਵੇਂ ਇਸ ਸੈਮੀਨਾਰ ਵਿੱਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ, ਡਾ. ਮੋਦੀ, ਗੁਰਚਰਨ ਸਿੰਘ ਵਰਲਡ ਬੈਂਕ, ਭਾਈ ਸ਼ਵਿੰਦਰ ਸਿੰਘ, ਡਾ. ਸਤਪਾਲ ਸਿੰਘ, ਡਾ. ਸਾਹਨੀ, ਬਲਜਿੰਦਰ ਸਿੰਘ ਸ਼ੰਮੀ ਅਤੇ ਹਰਭਜਨ ਸਿੰਘ ਸਾਬਕਾ ਵਰਲਡ ਬੈਂਕ ਅਫਸਰ ਨੇ ਅਜਿਹੇ ਸੁਝਾਅ ਦਿੱਤੇ ਜੋ ਭਵਿੱਖ ਵਿੱਚ ਭਾਈ ਵੀਰ ਸਿੰਘ ਦੀ ਯਾਦਾਂ, ਲਿਖਤਾਂ ਅਤੇ ਬਹੁਪੱਖੀ ਸਖਸ਼ੀਅਤਾਂ ਨੂੰ ਜੀਵਤ ਰੱਖਣ ਲਈ ਲਾਹੇਵੰਦ ਸਾਬਤ ਹੋਣਗੀਆਂ।
ਡਾ. ਗਿੱਲ ਨੇ ਸੰਖੇਪ ਮਿਲਣੀ ਦੌਰਾਨ ਆਰਗੇਨਾਈਜੇਸ਼ਨ ਨੂੰ ਦੱਸਿਆ ਕਿ ਸੈਮੀਨਾਰ ਗੁਰੂਘਰਾਂ ਵਿੱਚ ਕਰਵਾਏ ਜਾਣ, ਗੁਰੂਘਰਾਂ ਵਿੱਚ ਚੱਲ ਰਹੇ ਸਕੂਲਾਂ ਦੇ ਨਾਲ ਭਾਈ ਵੀਰ ਸਿੰਘ ਲਾਇਬ੍ਰੇਰੀ ਖੋਲ੍ਹਣ ਦਾ ਉਪਰਾਲਾ ਕਰਨ ਦੇ ਨਾਲ-ਨਾਲ ਭਾਈ ਵੀਰ ਸਿੰਘ ਸਦਨ ਦੀਆਂ ਬ੍ਰਾਂਚਾਂ ਅਮਰੀਕਾ ਵਿੱਚ ਸਥਾਪਿਤ ਕੀਤੀਆਂ ਜਾਣ, ਜਿੱਥੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਯਾਦਗਾਰ ਨੂੰ ਸਦਾ ਸੁਰਜੀਤ ਰੱਖਿਆ ਜਾਵੇ।
ਸਵਾਲ ਜਵਾਬ ਸੈਸ਼ਨ ਵਿੱਚ ਹਿੰਦ-ਪਾਕ ਦੀ ਵੰਡ ਤੋਂ ਬਾਅਦ ਪੰਜਾਬੀ ਜ਼ੁਬਾਨ ਅਤੇ ਲਿਖਤਾਂ ਸਬੰਧੀ ਵਿਚਾਰਾਂ ਹੋਈਆਂ। ਉੱਘੇ ਕਵੀਆਂ, ਨਾਵਲਕਾਰਾਂ ਅਤੇ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਬਚਾਅ ਲਈ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਗਿਆ। ਪੰਜਾਬੀ ਲਿਟਰੇਚਰ ਨੂੰ ਪਿਆਰ ਕਰਨ ਸਬੰਧੀ ਭੂਮਿਕਾ ਨਿਭਾਉਣ ਨੂੰ ਤਰਜੀਹ ਦੇਣ ਸਬੰਧੀ ਜ਼ਿਕਰ ਕੀਤਾ ਗਿਆ। ਸਮੁੱਚੇ ਤੌਰ ਤੇ ਇਹ ਸੈਮੀਨਾਰ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਅਤੇ ਇਸ ਨੂੰ ਸਲਾਹਾਂ ਸੈਮੀਨਾਰ ਵਜੋਂ ਹਰ ਸਾਲ ਕਰਵਾਉਣ ਪ੍ਰਤੀ ਐਲਾਨ ਕੀਤਾ ਗਿਆ। ਦੇਖਣ ਵਾਲੀ ਗੱਲ ਹੈ ਕਿ ਇਸ ਦੇ ਪ੍ਰਬੰਧਕ ਕਿਸ ਤਰ੍ਹਾਂ ਦੀ ਕਰਵਟ ਲੈਂਦੇ ਹਨ ਤੇ ਕਿਹੜੇ-ਕਿਹੜੇ ਉਪਰਾਲਿਆਂ ਨੂੰ ਅੰਕਿਤ ਕਰਦੇ ਹਨ।