ਮੈਰੀਲੈਂਡ (ਗ.ਦ.) - ਸ਼੍ਰੋਮਣੀ ਅਕਾਲੀ ਦਲ ਇੱਕ ਵਿਸ਼ਾਲ ਅਤੇ ਠਰੰਮੇ ਵਾਲੀ ਪਾਰਟੀ ਹੈ ਜਿਸਨੇ ਕਦੇ ਵੀ ਕੋਈ ਮਾੜੀ ਕਾਰਗੁਜ਼ਾਰੀ ਨੂੰ ਅੰਜ਼ਾਮ ਨਹੀਂ ਦਿੱਤਾ। ਪਰ ਮੀਡੀਏ ਵਲੋਂ ਬਲਜੀਤ ਕੌਰ ਢਿੱਲੋਂ ਦੀ ਥੋੜੀ ਜਿਹੀ ਟਿੱਪਣੀ ਕਾਰਣ ਉਸਨੂੰ ਅਜਿਹੇ ਗੇੜ ਵਿੱਚ ਪਾ ਦਿੱਤਾ, ਜਿੱਥੋਂ ਉਸਨੂੰ ਮੁੜਨਾ ਮੁਸ਼ਕਲ ਹੋ ਗਿਆ ਹੈ। ਭਾਵੇਂ ਉਸਨੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ, ਪਰ ਸਿਆਸੀਆ ਨੇ ਜਿੱਥੇ ਉਸਦੀ ਨੌਕਰੀ ਨੂੰ ਦਾਅ ਦੇ ਲਾ ਦਿੱਤਾ, ਉੱਥੇ ਉਸ ਦੀ ਅਣਖ ਨੂੰ ਵੰਗਾਰ ਕੇ ਮਾੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਜੋ ਭਵਿੱਖ ਲਈ ਖਤਰੇ ਦੀ ਘੰਟੀ ਹੈ। ਜਿਸ ਦਾ ਖਮਿਆਜਾ ਵੀ ਭੁਗਤਾਣਾ ਪੈ ਸਕਦਾ ਹੈ ਅਜਿਹੀ ਸਥਿਤੀ ਵਿੱਚ ਬਲਜੀਤ ਕੌਰ ਢਿੱਲੋਂ ਨੂੰ ਚੰਡੀਗੜ੍ਹ ਨਿਯੁਕਤ ਕਰਕੇ ਜਿੱਥੇ ਵੋਟ ਬੈਂਕ ਨੂੰ ਢਾਹ ਲਾਈ ਹੈ, ਉੱਥੇ ਉਸ ਨੂੰ ਹੀਰੋ ਬਣਾ ਦਿੱਤਾ ਹੈ। ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਅਜਿਹੀ ਪਾਰਟੀ ਦੀ ਨਾਇਕ ਬਣੇਗੀ ਜੋ ਉਸ ਦੀ ਹਿੰਮਤ ਦੀ ਕਦਰ ਨੂੰ ਤਰਜ਼ੀਹ ਦੇਣਗੇ।
ਹਾਲ ਦੀ ਘੜੀ ਵਿਦੇਸ਼ੀ ਪੰਜਾਬੀਆਂ ਵਲੋਂ ਬਲਜੀਤ ਕੌਰ ਦੀ ਹਿੰਮਤ ਨੂੰ ਸਲਾਹਿਆ ਜਾ ਰਿਹਾ ਹੈ ਅਤੇ ਉਸ ਨੂੰ ਦ੍ਰਿੜ ਇਰਾਦੇ ਵਜੋਂ ਖੜ੍ਹਾ ਰਹਿਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਕਿ ਬਲਜੀਤ ਕੌਰ ਨੂੰ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦਾ ਪੱਲੜਾ ਫੜ੍ਹ ਲੈਣਾ ਚਾਹੀਦਾ ਹੈ ਅਤੇ ਜਿਸ ਜਗ੍ਹਾ ਤੋਂ ਉਸਨੂੰ ਬੀ. ਡੀ. ਪੀ. ਓ. ਹਟਾਇਆ ਗਿਆ ਹੈ, ਉੱਥੋਂ ਹੀ ਉਸ ਨੂੰ ਆਪਣਾ ਸਿਆਸੀ ਭਵਿੱਖ ਸ਼ੁਰੂ ਕਰਨਾ ਚਾਹੀਦਾ ਹੈ ਜੋ ਉਸ ਲਈ ਮੀਲ ਪੱਥਰ ਸਾਬਤ ਹੋਵੇਗਾ। ਹਾਲ ਦੀ ਘੜੀ ਉਸ ਦੀ ਹਿੰਮਤ ਦੀ ਸਰਾਹਨਾ ਕੀਤੀ ਜਾ ਰਹੀ ਹੈ ਅਤੇ ਉਸ ਦੇ ਸਿਆਸੀ ਭਵਿੱਖ ਲਈ ਵਿਉਂਤਬੰਦੀ ਉਸਾਰੀ ਜਾ ਰਹੀ ਹੈ ਤੇ ਮੌਜੂਦਾ ਪਾਰਟੀ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਜੋ ਕਿ ਖਤਰੇ ਤੋਂ ਖਾਲੀ ਨਹੀਂ ਹੈ।