ਬੇਲਗਾਵੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਤੁਲਨਾ ਅੰਗਰੇਜ਼ਾਂ ਖ਼ਿਲਾਫ਼ ਲੜਨ ਵਾਲੀਆਂ ਕਿੱਤੂਰ ਰਾਣੀ ਚੇਨੰਮਾ ਅਤੇ ‘ਝਾਂਸੀ ਦੀ ਰਾਣੀ’ ਲਕਸ਼ਮੀ ਬਾਈ ਨਾਲ ਕੀਤੀ ਅਤੇ ਕਿਹਾ ਕਿ ਉਹ ‘ਮਹਿਲਾ ਸ਼ਕਤੀ’ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ‘ਯੁਵਾ ਸ਼ਕਤੀ’ ਦਾ ਪ੍ਰਤੀਕ ਦੱਸਿਆ।
ਇੱਥੇ ‘ਗਾਂਧੀ ਭਾਰਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਕਾਂਗਰਸ ਨੇ 1925 ’ਚ ਮਹਾਤਮਾ ਗਾਂਧੀ ਦੀ ਪ੍ਰਧਾਨਗੀ ਹੇਠ ਬੇਲਗਾਵੀ ’ਚ ਹੋਏ ਕਾਂਗਰਸ ਦੇ ਇੱਕੋ-ਇੱਕ ਸੈਸ਼ਨ ਦੇ ਸੌ ਸਾਲ ਪੂਰੇ ਹੋਣ ਮੌਕੇ ਇਹ ਪ੍ਰੋਗਰਾਮ ਕਰਵਾਇਆ ਹੈ। ਉਨ੍ਹਾਂ ਕਿਹਾ, ‘ਜੇ ਕੋਈ ਕਿੱਤੂਰ ਦੀ ਚੇਨੰਮਾ ਹੈ ਤਾਂ ਪ੍ਰਿਯੰਕਾ ਗਾਂਧੀ ਹੈ। ਜੇ ਕੋਈ ਝਾਂਸੀ ਦੀ ਰਾਣੀ ਹੈ ਤਾਂ ਪ੍ਰਿਯੰਕਾ ਗਾਂਧੀ ਹੈ। ਉਹ ਬਹੁਤ ਮਜ਼ਬੂਤ ਹੈ। ਰਾਜੀਵ ਗਾਂਧੀ ਦੀ ਹੱਤਿਆ ਮਗਰੋਂ ਉਨ੍ਹਾਂ ਹੀ ਪਰਿਵਾਰ ਸੰਭਾਲਿਆ। ਸਾਡੇ ਕੋਲ ਮਹਿਲਾ ਸ਼ਕਤੀ (ਪ੍ਰਿਯੰਕਾ ਗਾਂਧੀ) ਤੇ ਯੁਵਾ ਸ਼ਕਤੀ ਰਾਹੁਲ ਗਾਂਧੀ ਹਨ।’ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਵਿਸ਼ੇ ’ਤੇ ਕਰਵਾਏ ਇਸ ਪ੍ਰੋਗਰਾਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਲਿਆ ਗਿਆ ਤੇ ਉਨ੍ਹਾਂ ’ਤੇ ਹਾਲ ਹੀ ਵਿੱਚ ਰਾਜ ਸਭਾ ’ਚ ਭਾਰਤੀ ਸੰਵਿਧਾਨ ਤੇ ਇਸ ਦੇ ਨਿਰਮਾਤਾ ਬੀ.ਆਰ. ਅੰਬੇਡਕਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਗਿਆ। ਖੜਗੇ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲਾ ਨੱਥੂਰਾਮ ਗੋਡਸੇ ਹਿੰਦੂਵਾਦੀ ਵਿਚਾਰਕ ਵਿਨਾਇਕ ਦਾਮੋਦਰ ਸਾਵਰਕਰ ਦਾ ਸ਼ਾਗਿਰਦ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਮਹਾਤਮਾ ਗਾਂਧੀ ਪ੍ਰਤੀ ਸਨਮਾਨ ਤਾਂ ਦਿਖਾਉਂਦੇ ਹਨ ਪਰ ਅਸਲ ’ਚ ਉਹ ਗੋਡਸੇ ਦੀ ਪੂਜਾ ਕਰਦੇ ਹਨ।