ਪਟਿਆਲਾ/ਪਾਤੜਾਂ- ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਨੂੰ 14 ਫਰਵਰੀ ਲਈ ਗੱਲਬਾਤ ਦਾ ਸੱਦਾ ਦਿੱਤੇ ਜਾਣ ਮਗਰੋਂ ਜਗਜੀਤ ਸਿੰਘ ਡੱਲੇਵਾਲ ਇਲਾਜ ਕਰਾਉਣ ਲਈ ਰਾਜ਼ੀ ਹੋ ਗਏ। ਉਂਜ ਐੱਮਐੱਸਪੀ ਸਮੇਤ ਹੋਰ 12 ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਨੂੰ ਅੱਜ 55 ਦਿਨ ਹੋ ਗਏ ਹਨ। ਡੱਲੇਵਾਲ ਨੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਸ਼ੁਰੂ ਕਰਨ ਦੇ ਫ਼ੈਸਲੇ ’ਤੇ ਭਾਵੇਂ ਤਸੱਲੀ ਪ੍ਰਗਟਾਈ ਹੈ ਪਰ ਨਾਲ ਹੀ ਇਹ ਵੀ ਆਖਿਆ ਹੈ ਕਿ ਮਰਨ ਵਰਤ ਤੋੜਨ ਦਾ ਫ਼ੈਸਲਾ ਮੀਟਿੰਗ ਦੇ ਸਿੱਟਿਆਂ ’ਤੇ ਹੀ ਨਿਰਭਰ ਕਰੇਗਾ। ਡੱਲੇਵਾਲ ਵੱਲੋਂ ਇਲਾਜ ਲਈ ਹਾਮੀ ਭਰਨ ਨਾਲ ਸਾਰੀਆਂ ਧਿਰਾਂ ਨੂੰ ਰਾਹਤ ਮਿਲੀ ਹੈ। ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਗਰੀਸ਼ ਸਾਹਨੀ ਦੀ ਅਗਵਾਈ ਹੇਠ ਡਾ. ਆਸ਼ੀਸ਼ ਭਗਤ (ਮੈਡੀਸਨ), ਡਾ. ਵਿਕਾਸ ਗੋਇਲ (ਸਰਜਰੀ), ਡਾ. ਲਲਿਤ ਗਰਗ (ਅਨੈਸਥੀਸੀਆ), ਡਾ. ਦਿਲਮੋਹਨ (ਆਰਥੋ), ਡਾ. ਸੌਰਭ ਸ਼ਰਮਾ (ਕਾਰਡੀਓਲੋਜਿਸਟ), ਡਾ. ਹਰੀਸ਼ ਕੁਮਾਰ (ਨਿਊਰੋਸਰਜਨ) ਅਤੇ ਡਾ. ਹਰਭੁਪਿੰਦਰ ਸਿੰਘ (ਯੂਰੋਲੌਜਿਸਟ) ’ਤੇ ਆਧਾਰਿਤ ਮਾਹਿਰ ਡਾਕਟਰਾਂ ਦੇੇ ਉਚ ਪੱਧਰੀ ਮੈਡੀਕਲ ਬੋਰਡ ਵੱਲੋਂ ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਡੱਲੇਵਾਲ ਨੂੰ ਡਰਿਪ ਲਗਾ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਇਲਾਜ ਸ਼ੁਰੂ ਹੋਣ ਬਾਰੇ ਪਤਾ ਲੱਗਣ ’ਤੇ ਕਿਸਾਨਾਂ ਨੇ ਜੈਕਾਰੇ ਲਗਾਏ ਅਤੇ ਨਾਅਰੇਬਾਜ਼ੀ ਕੀਤੀ। ਡੀਆਈਜੀ ਮਨਦੀਪ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਸਮੇਤ ਕੁਝ ਹੋਰ ਅਧਿਕਾਰੀਆ ਨੇ ਅੱਜ ਵੀ ਡੱਲੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।