ਪਟਿਆਲਾ/ਪਾਤੜਾਂ-ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕੇਂਦਰ ’ਤੇ ਦਬਾਅ ਪਾਉਣ ਵਾਸਤੇ ਸਾਂਝਾ ਅੰਦੋਲਨ ਚਲਾਉਣ ਦੇ ਇਰਾਦੇ ਨਾਲ ਅੱਜ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੇ ਪਾਤੜਾਂ ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵਫ਼ਦ ਨਾਲ ਮੀਟਿੰਗ ਕੀਤੀ। ਕਿਸਾਨ ਜਥੇਬੰਦੀਆਂ ’ਚ ਏਕੇ ’ਤੇ ਜ਼ੋਰ ਦਿੰਦਿਆਂ ਤਿੰਨੋਂ ਜਥੇਬੰਦੀਆਂ ਨੇ 18 ਜਨਵਰੀ ਨੂੰ ਮੁੜ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ। ਉਂਝ ਮੀਟਿੰਗ ਸੁਖਾਵੇਂ ਮਾਹੌਲ ’ਚ ਹੋਈ, ਜਿਸ ਦੌਰਾਨ ਵੱਖ ਵੱਖ ਪਹਿਲੂਆਂ ’ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਏਕਤਾ ’ਤੇ ਮੋਹਰ ਨਾ ਲੱਗੀ। ਮੀਟਿੰਗ ’ਚ ਐੱਸਕੇਐਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਦੇ ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨਪਾਲ ਅਤੇ ਕ੍ਰਿਸ਼ਨ ਪ੍ਰਸਾਦ ਮੌਜੂਦ ਸਨ। ਉਨ੍ਹਾਂ ਨਾਲ ਮਨਜੀਤ ਧਨੇਰ ਅਤੇ ਝੰਡਾ ਸਿੰਘ ਜੇਠੂਕੇ ਵੀ ਹਾਜ਼ਰ ਸਨ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਾਕਾ ਸਿੰਘ ਕੋਟੜਾ, ਸਰਵਣ ਸਿੰਘ ਪੰਧੇਰ, ਇੰਦਰਜੀਤ ਸਿੰਘ ਕੋਟਬੁੱਢਾ, ਸੁਖਜੀਤ ਸਿੰਘ ਹਰਦੋਝੰਡੇ, ਸੁਰਜੀਤ ਫੂਲ, ਗੁਰਿੰਦਰ ਭੰਗੂ, ਜਸਵਿੰਦਰ ਲੌਂਗੋਵਾਲ, ਜਰਨੈਲ ਚਹਿਲ, ਲਖਵਿੰਦਰ ਔਲਖ, ਅਭਿਮੰਨਿਊ ਕੋਹਾੜ, ਮਨਜੀਤ ਰਾਏ ਅਤੇ ਅਮਰਜੀਤ ਮੋਹੜੀ ਮੀਟਿੰਗ ’ਚ ਮੌਜੂਦ ਸਨ। ਭਾਵੇਂ ਬੰਦ ਕਮਰਾ ਮੀਟਿੰਗ ਦੇ ਅਧਿਕਾਰਤ ਵੇਰਵੇ ਨਹੀਂ ਮਿਲੇ ਹਨ ਪਰ ਸੂਤਰਾਂ ਮੁਤਾਬਕ ਕਿਸੇ ਵੀ ਕਿਸਾਨ ਆਗੂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੋਈ ਬਿਆਨਬਾਜ਼ੀ ਨਾ ਕਰਨ ਲਈ ਤਿੰਨੋਂ ਧਿਰਾਂ ’ਚ ਸਹਿਮਤੀ ਬਣੀ ਹੈ। ਜਾਣਕਾਰੀ ਮੁਤਾਬਕ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਜੇ ਕਿਸੇ ਗੱਲ ’ਤੇ ਕੋਈ ਗਿਲਾ-ਸ਼ਿਕਵਾ ਹੁੰਦਾ ਹੈ ਤਾਂ ਮੀਡੀਆ ’ਚ ਜਾਣ ਦੀ ਬਜਾਏ ਆਪਸ ’ਚ ਮਿਲ-ਬੈਠ ਕੇ ਨਜਿੱੱਠਿਆ ਜਾਵੇਗਾ। ਇਸ ਫ਼ੈਸਲੇ ਨੂੰ ਕਿਸਾਨ ਧਿਰਾਂ ’ਚ ਏਕਤਾ ਵੱਲ ਵੱਧ ਰਹੇ ਕਦਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਅੰਦੋਲਨ ਸਬੰਧੀ ਸਾਰੀਆਂ 12 ਮੰਗਾਂ ਨਾਲ ਕਮੇਟੀ ਮੈਂਬਰ ਸਹਿਮਤ ਹੋਏ ਹਨ ਅਤੇ ਖੇਤੀ ਮੰਡੀ ਦੇ ਖਰੜੇ ਨੂੰ ਰੱੱਦ ਕਰਵਾਉਣ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਭਾਰਨ ’ਤੇ ਵੀ ਚਰਚਾ ਹੋਈ ਹੈ। ਇਸੇ ਤਰ੍ਹਾਂ ਬਿਜਲੀ ਨਿੱਜੀਕਰਨ ਅਤੇ ਜ਼ਮੀਨਾਂ ਐਕੁਆਇਰ ਕਰਨ ਸਬੰਧੀ ਮੰਗਾਂ ਵੀ ਸੂਚੀ ’ਚ ਸ਼ਾਮਲ ਕਰਨ ’ਤੇ ਵਿਚਾਰ ਵਟਾਂਦਰਾ ਹੋਇਆ।
ਪਤਾ ਲੱਗਾ ਹੈ ਕਿ ਗਣਤੰਤਰ ਦਿਵਸ ਮੌਕੇ ਦੇਸ਼ ਭਰ ’ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਸਬੰਧੀ ਉਲੀਕੇ ਪ੍ਰੋਗਰਾਮਾਂ ਕਾਰਨ ਗੱਲਬਾਤ ਸਿਰੇ ਨਾ ਚੜ੍ਹ ਸਕੀ। ਕਿਹਾ ਜਾ ਰਿਹਾ ਹੈ ਕਿ ਅੱਜ ਦੀ ਇਹ ਮੀਟਿੰਗ ਏਕੇ ਪ੍ਰਤੀ ਇੱਕ-ਦੂਜੀ ਧਿਰ ਦੇ ਮਨ ’ਚ ਸਮੋਏ ਵਿਚਾਰਾਂ ’ਤੇ ਹੀ ਆਧਾਰਿਤ ਹੋ ਨਿੱਬੜੀ। ਇੱਕ ਕਿਸਾਨ ਆਗੂ ਨੇ ਕਿਹਾ ਕਿ ਏਕਤਾ ਨੂੰ ਨੇਪਰੇ ਚਾੜ੍ਹਨ ਲਈ ਵਾਰ-ਵਾਰ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ। ਮੀਟਿੰਗ ਵਿਚਲੇ ਮਾਹੌਲ ਦੇ ਹਵਾਲੇ ਨਾਲ ਕਈ ਆਗੂ ਏਕਤਾ ਹੋਣ ਸਬੰਧੀ ਆਸਵੰਦ ਨਜ਼ਰ ਆਏ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘‘ਅਸੀਂ 18 ਜਨਵਰੀ ਨੂੰ ਹੋਰ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ ਜਿਸ ’ਚ ਅੰਦੋਲਨ ’ਚ ਜਿੱਤ ਹਾਸਲ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਰਣਨੀਤੀ ਬਣਾਉਣ ’ਤੇ ਚਰਚਾ ਹੋਵੇਗੀ। ਲੋਕ ਵੀ ਚਾਹੁੰਦੇ ਹਨ ਕਿ ਅਸੀਂ ਕੇਂਦਰ ਖ਼ਿਲਾਫ਼ ਰਲ ਕੇ ਸੰਘਰਸ਼ ਕਰੀਏ।’’ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸੇ ਵੀ ਧਿਰ ਦਾ ਆਗੂ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ।