ਸ੍ਰੀਨਗਰ-ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਭਾਰਤ ਤੇ ਚੀਨ ਵਿਚਾਲੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਅੱਜ ਮੁਕੰਮਲ ਹੋਣ ਦੀ ਸੰਭਾਵਨਾ ਸੀ ਪਰ ਨਵੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਦੇਪਸਾਂਗ ਤੇ ਡੈਮਚੌਕ ’ਚ ਇਹ ਅਮਲ ਜਾਰੀ ਹੈ ਤੇ ਇਹ 29 ਅਕਤੂਬਰ ਨੂੰ ਮੁਕੰਮਲ ਹੋ ਸਕਦਾ ਹੈ। ਫੌਜਾਂ ਦੀ ਵਾਪਸੀ ਬਾਰੇ ਸਮਝੌਤਾ ਸਿਰਫ਼ ਡੈਮਚੌਕ ਤੇ ਦੇਪਸਾਂਗ ਲਈ ਹੀ ਹੈ।
ਰੱਖਿਆ ਵਿਭਾਗ ਦੇ ਸੂਤਰਾਂ ਨੇ ਕਿਹਾ, ‘ਇਹ ਸਮਝੌਤਾ ਵਿਵਾਦ ਦੇ ਹੋਰ ਬਿੰਦੂਆਂ ਲਈ ਨਹੀਂ ਹੈ। ਦੋਵਾਂ ਧਿਰਾਂ ਦੀਆਂ ਫੌਜਾਂ ਅਪਰੈਲ 2020 ਤੋਂ ਪਹਿਲੀ ਦੀ ਸਥਿਤੀ ਵਿੱਚ ਆ ਜਾਣਗੀਆਂ ਅਤੇ ਉਹ ਉਨ੍ਹਾਂ ਖੇਤਰਾਂ ’ਚ ਗਸ਼ਤ ਕਰਨਗੀਆਂ ਜਿੱਥੇ ਉਨ੍ਹਾਂ ਅਪਰੈਲ 2020 ਤੱਕ ਗਸ਼ਤ ਕੀਤੀ ਸੀ।’ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਕਹਿਣਾ ਹੈ ਕਿ ਲੱਦਾਖ ਸਰਹੱਦ ’ਤੇ ਵਿਵਾਦ ਵਾਲੇ ਦੋ ਬਿੰਦੂਆਂ ਤੋਂ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ ਅਤੇ ਤਣਾਅ ਘਟਾਉਣਾ ਦੂਜਾ ਕਦਮ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਭਰੋਸਾ ਬਹਾਲ ਹੋਣ ਵਿੱਚ ਸਮਾਂ ਲੱਗੇਗਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਹ ਸਮਝੌਤਾ ਤਿੰਨ ਮੁੱਖ ਮੁੱਦਿਆਂ ਬਾਰੇ ਹੈ। ਪਹਿਲਾ ਤੇ ਸਭ ਤੋਂ ਅਹਿਮ ਮੁੱਦਾ ਪਿੱਛੇ ਹਟਣਾ ਹੈ ਕਿਉਂਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਇਕ-ਦੂਜੇ ਦੇ ਨੇੜੇ ਹਨ ਤੇ ਕੁਝ ਵੀ ਹੋਣ ਦੀ ਸੰਭਾਵਨਾ ਹੈ। ਦੂਜਾ ਤਣਾਅ ਘਟਾਉਣਾ ਹੈ ਅਤੇ ਫਿਰ ਤੀਜਾ ਵੱਡਾ ਮੁੱਦਾ ਇਹ ਹੈ ਕਿ ਤੁਸੀਂ ਸਰਹੱਦ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਦੇ ਹੋ ਤੇ ਸਮਝੌਤੇ ਬਾਰੇ ਕਿਸ ਤਰ੍ਹਾਂ ਗੱਲਬਾਤ ਕਰਦੇ ਹੋ।
ਰੱਖਿਆ ਮੰਤਰਾਲੇ ਦੇ ਇੱਕ ਬਿਆਨ ’ਚ ਪਹਿਲਾਂ ਕਿਹਾ ਗਿਆ ਸੀ ਕਿ ਦੋਵੇਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਇੱਕ ਵੱਡੇ ਕਦਮ ਤਹਿਤ ਭਾਰਤ ਤੇ ਚੀਨ 28-29 ਅਕਤੂਬਰ ਤੱਕ ਐੱਲਏਸੀ ਤੋਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲੈਣਗੇ।