ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਜ਼ਾਰਤ ਵਿਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ। ‘ਆਪ’ ਸਰਕਾਰ ਦੇ ਕਾਰਜਕਾਲ ਦੇ ਅੱਧ ਦਰਮਿਆਨ ਹੋਏ ਇਸ ਵਜ਼ਾਰਤੀ ਫੇਰਬਦਲ ’ਚ ਚਾਰ ਵਜ਼ੀਰਾਂ ਦੀ ਛਾਂਟੀ ਕੀਤੀ ਗਈ ਹੈ, ਜਦੋਂ ਕਿ ਪੰਜ ਨਵੇਂ ਚਿਹਰਿਆਂ ਨੂੰ ਬਤੌਰ ਕੈਬਨਿਟ ਮੰਤਰੀ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇੱਥੇ ਰਾਜ ਭਵਨ ਵਿਚ 20 ਮਿੰਟ ਦੇ ਸਾਦੇ ਹਲਫ਼ਦਾਰੀ ਸਮਾਗਮ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ, ਜਿਨ੍ਹਾਂ ਨਵੇਂ ਵਜ਼ੀਰਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ।
ਪੰਜਾਬ ਵਜ਼ਾਰਤ ਵਿਚ ਹਰਦੀਪ ਸਿੰਘ ਮੁੰਡੀਆਂ (ਸਾਹਨੇਵਾਲ), ਬਰਿੰਦਰ ਕੁਮਾਰ ਗੋਇਲ (ਲਹਿਰਾਗਾਗਾ), ਤਰੁਨਪ੍ਰੀਤ ਸਿੰਘ ਸੌਂਦ (ਖੰਨਾ), ਡਾ. ਰਵਜੋਤ ਸਿੰਘ (ਸ਼ਾਮ ਚੁਰਾਸੀ) ਅਤੇ ਮਹਿੰਦਰ ਭਗਤ (ਜਲੰਧਰ ਪੱਛਮੀ) ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੇ ਪੰਜਾਬੀ ’ਚ ਹਲਫ਼ ਲਿਆ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਲਫਦਾਰੀ ਸਮਾਗਮ ਦੀ ਕਾਰਵਾਈ ਚਲਾਈ। ਨਵੇਂ ਮੰਤਰੀਆਂ ਨੇ ਮੁੱਖ ਮੰਤਰੀ ਅਤੇ ਰਾਜਪਾਲ ਦਾ ਧੰਨਵਾਦ ਕੀਤਾ। ਸਮਾਗਮ ’ਚ ‘ਆਪ’ ਹਾਈਕਮਾਨ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ ਅਤੇ ਪਾਰਟੀ ਵੱਲੋਂ ਸਿਰਫ਼ ਜਨਰਲ ਸਕੱਤਰ ਹਰਚੰਦ ਬਰਸਟ ਹਾਜ਼ਰ ਸਨ।
ਫੇਰਬਦਲ ਮਗਰੋਂ ਹੁਣ ਪੰਜਾਬ ਵਜ਼ਾਰਤ ਵਿਚ ਮੁੱਖ ਮੰਤਰੀ ਸਮੇਤ ਵਜ਼ੀਰਾਂ ਦੀ ਗਿਣਤੀ 16 ਹੋ ਗਈ ਹੈ, ਜਦੋਂ ਕਿ ਭਵਿੱਖ ’ਚ ਦੋ ਹੋਰ ਨਵੇਂ ਵਜ਼ੀਰ ਲੈਣ ਦੀ ਗੁੰਜਾਇਸ਼ ਰੱਖੀ ਗਈ ਹੈ। ਹਲਫ਼ਦਾਰੀ ਸਮਾਗਮ ਵਿਚ ਨਵੇਂ ਵਜ਼ੀਰ ਪਰਿਵਾਰਾਂ ਸਮੇਤ ਆਏ ਸਨ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਮਨ ਅਰੋੜਾ, ਡਾ. ਬਲਜੀਤ ਕੌਰ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ ਆਦਿ ਹਾਜ਼ਰ ਸਨ। ਪੰਜਾਬ ਵਜ਼ਾਰਤ ’ਚੋਂ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਛੁੱਟੀ ਕੀਤੀ ਗਈ ਹੈ। ‘ਆਪ’ ਸਰਕਾਰ ਦਾ ਕੈਬਨਿਟ ’ਚ ਇਹ ਚੌਥਾ ਫੇਰਬਦਲ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਜ਼ਾਰਤੀ ਫੇਰਬਦਲ ਲਈ ਹਰੀ ਝੰਡੀ ਦੇ ਦਿੱਤੀ ਸੀ। ਨਵੇਂ ਚਿਹਰਿਆਂ ਦੀ ਚੋਣ ਮੌਕੇ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਅਕਸ ਨੂੰ ਅਧਾਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਪਾਰਟੀ ਲੀਡਰਸ਼ਿਪ ਤੋਂ ਫੀਡ ਬੈਕ ਵੀ ਲਈ ਗਈ ਸੀ। ਵਜ਼ਾਰਤੀ ਫੇਰਬਦਲ ਮਗਰੋਂ ਅੱਗੇ ਜ਼ਿਮਨੀ ਚੋਣਾਂ ਦੀ ਚੁਣੌਤੀ ਹੈ। ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵਜ਼ਾਰਤੀ ਹਲਫ਼ ਦਿਵਾਉਣ ਦਾ ਇਹ ਪਹਿਲਾਂ ਮੌਕਾ ਸੀ, ਜਿਨ੍ਹਾਂ ਵਿਧਾਇਕਾਂ ਦੀ ਵਜ਼ੀਰੀ ਦੀ ਆਸ ਟੁੱਟੀ, ਉਹ ਅੱਜ ਸਮਾਗਮਾਂ ਵਿਚ ਨਹੀਂ ਪਹੁੰਚੇ।