ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਆਈਏਐੱਸ ਕੋਚਿੰਗ ਸੈਂਟਰ ਹਾਦਸਾ ਮਾਮਲੇ ਵਿਚ ਅੱਜ ਬੇਸਮੈਂਟ ਦੇ ਚਾਰ ਸਹਿ-ਮਾਲਕਾਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਰਟ ਨੇ ਇਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦਿੱਲੀ ਨਗਰ ਨਿਗਮ ਦੇ ਬੁਲਡੋਜ਼ਰਾਂ ਨੇ ਪੁਰਾਣੇ ਰਾਜਿੰਦਰ ਨਗਰ ਵਿਚ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਤੇ ਉੱਤਰੀ ਦਿੱਲੀ ਦੇ ਮੁਖਰਜੀ ਨਗਰ ਵਿਚ ਸੀਲਿੰਗ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਦਸੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ, ਜੋ ਹਾਦਸੇ ਦੇ ਕਾਰਨਾਂ ਤੇ ਜ਼ਿੰਮੇਵਾਰੀ ਨਿਰਧਾਰਿਤ ਕਰਨ ਜਿਹੇ ਪਹਿਲੂਆਂ ਦੀ ਘੋਖ ਤੋਂ ਇਲਾਵਾ ਪਾਲਿਸੀ ਵਿਚ ਬਦਲਾਅ ਤੇ ਹੋਰ ਉਪਰਾਲਿਆਂ ਬਾਰੇ ਸੁਝਾਅ ਦੇਵੇਗੀ। ਦਿੱਲੀ ਫਾਇਰ ਸਰਵਿਸਿਜ਼ ਨੇ ਰਾਓ’ਜ਼ ਆਈਏਐੱਸ ਸਟੱਡੀ ਸਰਕਲ ਇਮਾਰਤ ਦਾ ਐੱਨਓਸੀ ਰੱਦ ਕਰਨ ਦੀ ਕਾਰਵਾਈ ਵਿੱਢ ਦਿੱਤੀ ਹੈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ 24 ਘੰਟਿਆਂ ਵਿਚ ਕਾਰਵਾਈ ਦਾ ਯਕੀਨ ਦਿਵਾਇਆ ਹੈ। ਇਸ ਦੌਰਾਨ ਸੈਂਕੜੇ ਵਿਦਿਆਰਥੀਆਂ ਨੇ ਪੱਛਮੀ ਦਿੱਲੀ ਵਿਚ ਰਾਓ’ਜ਼ ਆਈਏਐੱਸ ਸਟੱਡੀ ਸੈਂਟਰ ਨੇੜੇ ਅੱਜ ਵੀ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ। ਕੋਚਿੰਗ ਸੈਂਟਰ ਵੱਲੋਂ ਬੇਸਮੈਂਟ ਨੂੰ ਗੈਰਕਾਨੂੰਨੀ ਢੰਗ ਨਾਲ ਲਾਇਬਰੇਰੀ ਵਜੋਂ ਵਰਤਿਆ ਜਾ ਰਿਹਾ ਸੀ। ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਪੰਜ ਵਿਅਕਤੀਆਂ ਵਿਚ ਐੱਸਯੂਵੀ ਦਾ ਡਰਾਈਵਰ ਵੀ ਸ਼ਾਮਲ ਹੈ, ਜਿਸ ਨੇ ਮੀਂਹ ਦੇ ਪਾਣੀ ਨਾਲ ਭਰੀ ਸੜਕ ਤੋਂ ਜਦੋਂ ਆਪਣਾ ਵਾਹਨ ਕੱਢਿਆ ਤਾਂ ਪਾਣੀ ਤਿੰਨ ਮੰਜ਼ਿਲਾ ਇਮਾਰਤ ਦੀ ਬੇਸਮੈਂਟ ਵਿਚ ਦਾਖਲ ਹੋ ਗਿਆ ਸੀ। ਪੁਲੀਸ ਨੇ ਐੱਸਯੂਵੀ ਕਬਜ਼ੇ ਵਿਚ ਲੈ ਲਈ ਹੈ। ਮੁਲਜ਼ਮਾਂ- ਤੇਜਿੰਦਰ ਸਿੰਘ, ਪਰਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਸਰਬਜੀਤ ਸਿੰਘ (ਬੇਸਮੈਂਟ ਦੇ ਸਹਿ-ਮਾਲਕ) ਤੇ ਐੱਸਯੂਪਵੀ ਡਰਾਈਵਰ ਮਨੁਜ ਕਥੂਰੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ। ਅੱਜ ਦੀਆਂ ਗ੍ਰਿਫ਼ਤਾਰੀਆਂ ਮਗਰੋਂ ਇਸ ਮਾਮਲੇ ਵਿਚ ਹੁਣ ਤੱਕ ਸੱਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਕੋਚਿੰਗ ਸੈਂਟਰ ਦਾ ਮਾਲਕ ਤੇ ਕੋਆਰਡੀਨੇਟਰ ਪਹਿਲਾਂ ਹੀ ਪੁਲੀਸ ਦੀ ਗ੍ਰਿਫ਼ਤ ਵਿਚ ਹਨ ਤੇ ਉਨ੍ਹਾਂ ਖਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਉਧਰ ਦਿੱਲੀ ਨਗਰ ਨਿਗਮ, ਜਿਸ ਨੂੰ ਅਣਗਹਿਲੀ ਤੇ ਡਰੇਨਾਂ ਦੀ ਸਫ਼ਾਈ ਨਾ ਕਰਵਾਉਣ ਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਇਕ ਜੂਨੀਅਰ ਇੰਜਨੀਅਰ ਨੂੰ ਬਰਖ਼ਾਸਤ ਤੇ ਇਲਾਕੇ ਦੇ ਸਹਾਇਕ ਇੰਜਨੀਅਰ ਨੂੰ ਕਥਿਤ ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ। ਯੂਪੀਐੱਸਸੀ ਪ੍ਰੀਖਿਆਰਥੀ ਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨੈਵਿਨ ਡੈਲਵਿਨ (28) ਦੀ ਲਾਸ਼ ਅੱਜ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਉਸ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਦੋ ਹੋਰ ਵਿਦਿਆਰਥੀਆਂ- ਸ਼੍ਰੇਆ ਯਾਦਵ ਤੇ ਤਾਨਿਆ ਸੋਨੀ ਦੀਆਂ ਲਾਸ਼ਾਂ ਐਤਵਾਰ ਨੂੰ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ।