ਵਾਸ਼ਿੰਗਟਨ ਡੀ. ਸੀ. (ਗ.ਦ.) - ਅਮਰੀਕਾ ਦੇ ਅਜ਼ਾਦੀ ਦਿਵਸ ਤੇ ਹਰ ਸਾਲ ਸੰਸਾਰ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਇੱਕ ਵਿਸ਼ਾਲ ਪ੍ਰੇਡ ਕੱਢੀ ਜਾਂਦੀ ਹੈ। ਜਿਸ ਵਿੱਚ ਹਰੇਕ ਦੇਸ਼ ਆਪਣੇ ਸੱਭਿਆਚਾਰ, ਪਹਿਚਾਣ ਅਤੇ ਸੰਸਕ੍ਰਿਤੀ ਨੂੰ ਅਮਰੀਕਨ ਰੰਗਤ ਦੇ ਕੇ ਅਮਰੀਕਨਾਂ ਦੇ ਮਨ ਮੋਹ ਲੈਂਦਾ ਹੈ। ਪਰ ਸਿੱਖਾਂ ਵਲੋਂ ਇਸ ਪ੍ਰੇਡ ਨੂੰ ਸਿੱਖੀ ਪਹਿਚਾਣ ਵਜੋਂ ਉਭਾਰਨ ਸਬੰਧੀ ਪੂਰੇ ਜੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਇਸ ਸਬੰਧੀ ਇੱਕ ਹੰਗਾਮੀ ਮੀਟਿੰਗ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਬੁਲਾਈ ਗਈ ਜਿਸ ਵਿੱਚ ਵਾਸ਼ਿੰਗਟਨ ਮੈਟਰੋਪੁਲਿਟਨ ਦੀਆਂ ਮੁੱਖ ਸਖਸ਼ੀਅਤਾਂ ਸ਼ਾਮਲ ਹੋਈਆਂ। ਇਸ ਮੀਟਿੰਗ ਦਾ ਮੁੱਖ ਮਕਸਦ ਇਹ ਸੀ ਕਿ ਅਮਰੀਕਨਾਂ ਦੀ ਅਜ਼ਾਦੀ ਵਾਲੇ ਦਿਨ ਚਾਰ ਜੁਲਾਈ ਨੂੰ ਸਿੱਖਾਂ ਦੀ ਸ਼ਿਰਕਤ ਵਿਲੱਖਣ ਅਤੇ ਆਦਰਸ਼ਕ ਹੋਵੇ ਜਿਸ ਸਬੰਧੀ ਇਸ ਮੀਟਿੰਗ ਵਿੱਚ ਸੁਝਾਅ ਲਏ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਪ੍ਰੇਡ ਵਿੱਚ ਸਿੱਖਾਂ ਦਾ ਫੋਲਟ ਦਸਵੇਂ ਪਾਤਿਸ਼ਾਹ ਦਾ ਬਾਜ਼ ਜੋ ਫੋਲਟ ਦਾ ਸ਼ਿੰਗਾਰ ਬਣੇਗਾ ਉਸਨੂੰ ਸੁਸ਼ੋਭਤ ਕਰਨ ਦਾ ਫੈਸਲਾ ਲਿਆ ਹੈ ਅਤੇ ਪਿੱਛੇ ਸਿੱਖਾਂ ਵਲੋਂ ਖੰਡੇ ਸਮੇਤ ਬਾਜ਼ ਨੂੰ ਲੈ ਕੇ ਚੱਲਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਇਹ ਦ੍ਰਿਸ਼ ਅਮਰੀਕਨਾਂ ਲਈ ਵਿਲੱਖਣ ਹੋਵੇਗਾ ਉੱਥੇ ਸਿੱਖ ਕਮਿਊਨਿਟੀ ਦਾ ਇਹ ਸ਼ਿੰਗਾਰ ਆਪਣੀ ਸਿੱਖੀ ਪਹਿਚਾਨ ਅਤੇ ਸੂਰਤ ਨੂੰ ਪ੍ਰਭਾਵੀ ਵਜੋਂ ਦਰਸਾਉਣ ਦਾ ਉਦੇਸ਼ ਨਜ਼ਰ ਆਵੇਗਾ। ਜਿੱਥੇ ਵੱਖ-ਵੱਖ ਗੁਰੂਘਰਾਂ ਤੋਂ ਸਿੱਖਾਂ ਦੀ ਸ਼ਮੂਲੀਅਤ ਸਬੰਧੀ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਬੱਸਾਂ ਮੁਹੱਈਆਂ ਕਰਵਾ ਕੇ ਇਸ ਪ੍ਰੇਡ ਦਾ ਆਨੰਦ ਅਤੇ ਨਜ਼ਾਰਾ ਦਿਖਾਇਆ ਜਾਵੇਗਾ। ਦੂਜੇ ਪਾਸੇ ਜੋ ਸਾਬਤ ਸੂਰਤ ਵੱਖ ਵੱਖ ਅਹੁਦਿਆਂ ਤੇ ਅਮਰੀਕਾ ਵਿੱਚ ਬਿਜ਼ਨਸਮੈਨ ਹਨ ਉਹਨਾਂ ਨੂੰ ਵਿਸ਼ੇਸ਼ ਸੱਦਾ ਦੇ ਕੇ ਸਿੱਖਾਂ ਦੀ ਕਾਰਜਕਾਰੀ ਅਤੇ ਦ੍ਰਿੜ ਇਰਾਦੇ ਦਾ ਨਜ਼ਾਰਾ ਪੇਸ਼ ਕਰਕੇ ਇਸ ਪ੍ਰੇਡ ਨੂੰ ਬੇਹਤਰੀ ਤਰਤੀਬ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੀ ਚਰਚਾ ਅਮਰੀਕਾ ਵਿੱਚ ਆਮ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਇਹ ਪ੍ਰੇਡ ਸਿੱਖੀ ਪਹਿਚਾਣ ਅਤੇ ਪੰਜਾਬੀਆਂ ਦੇ ਮਾਣ ਨੂੰ ਸਮਰਪਿਤ ਹੋਵੇਗੀ ਉੱਥੇ ਸਿੱਖਾਂ ਦੀ ਕਾਰਜਕਾਰੀ ਦੀ ਤਸਵੀਰ ਅਤੇ ਤਾਰੀਫ ਵੀ ਨਜ਼ਰ ਆਵੇਗੀ। ਇਸ ਮੀਟਿੰਗ ਵਿੱਚ ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਰਹੇਜਾ, ਬਲਜਿੰਦਰ ਸਿੰਘ ਸ਼ੰਮੀ, ਦਲਵੀਰ ਸਿੰਘ ਸਾਬਕਾ ਪ੍ਰਧਾਨ, ਚਤਰ ਸਿੰਘ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਬਖਸ਼ੀਸ਼ ਸਿੰਘ, ਸਾਬਕਾ ਚੇਅਰਮੈਨ ਗੁਰੂ ਨਾਨਕ ਫਾਊਂਡੇਸ਼ਨ, ਮਨਪ੍ਰੀਤ ਸਿੰਘ ਮਠਾਰੂ ਪ੍ਰੇਡ ਕਨਵੀਨਰ ਜਿਨ੍ਹਾਂ ਨੇ ਭਰਪੂਰ ਜਾਣਕਾਰੀ ਦੇ ਕੇ ਇਸ ਪ੍ਰੇਡ ਨੂੰ ਅੰਤਮ ਰੂਪ ਦਿੱਤਾ ਹੈ।
ਡਾ. ਦਰਸ਼ਨ ਸਿੰਘ ਸਲੂਜਾ ਅਤੇ ਗੀਤਾ ਸਲੂਜਾ ਵਲੋਂ ਪ੍ਰੇਡ ਦੀ ਰੂਪਰੇਖਾ ਅਤੇ ਤਰਤੀਬ ਪ੍ਰਤੀ ਭਰਪੂਰ ਚਾਨਣਾ ਪਾਇਆ।
ਆਸ ਕੀਤੀ ਜਾ ਰਹੀ ਹੈ ਕਿ ਇਹ ਅਮਰੀਕੀ ਅਜ਼ਾਦੀ ਦਿਵਸ ਦੀ ਪ੍ਰੇਡ ਤੇ ਸਿੱਖਾਂ ਦਾ ਬੋਲਵਾਲਾ ਅਤੇ ਸਿੱਖੀ ਪਹਿਚਾਣ ਦਾ ਅਸਰ ਵੇਖਣ ਨੂੰ ਮਿਲੇਗਾ ਜਿਸ ਰਾਹੀਂ ਅਮਰੀਕਨ ਸਿੱਖਾਂ ਪ੍ਰਤੀ ਜਾਣ ਸਕਣਗੇ। ਮਨਪ੍ਰੀਤ ਮਠਾਰੂ ਅਨੁਸਾਰ ਸਿੱਖਾਂ ਪ੍ਰਤੀ ਲਿਟਰੇਚਰ ਵੰਡਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਲਈ ਮੁੱਢਲੀਆਂ ਤਿਆਰੀਆਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ। ਕੰਵਲਜੀਤ ਸਿੰਘ ਸੋਂਧੀ ਫਲੋਟ ਸਬੰਧੀ ਸਾਰੀ ਰੂਪਰੇਖਾ ਉਲੀਕਣਗੇ ਜਿੱਥੇ ਇਸ ਪ੍ਰੇਡ ਵਿੱਚ ਸੱਭਿਆਚਾਰ ਦ੍ਰਿਸ਼ ਅਤੇ ਗੱਤਕੇ ਦੀਆ ਟੋਲੀਆਂ ਲਗਾਤਾਰ ਪ੍ਰਦਰਸ਼ਨ ਕਰਦੀਆਂ ਚੱਲਣਗੀਆਂ। ਉੱਥੇ ਫਲੋਦ ਦੀ ਵਿਲੱਖਣਤਾ ਵੀ ਆਪਣਾ ਯੋਗਦਾਨ ਪਾਉਂਦੀ ਨਜ਼ਰ ਆਵੇਗੀ।
ਮੁੱਢਲੀ ਜਾਣਕਾਰੀ ਮੁਤਾਬਕ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸ਼ਮੂਲੀਅਤ ਦੀ ਰਜਿਸਟ੍ਰੇਸ਼ਨ ਅਤੇ ਬਾਹਰੋਂ ਬੁਲਾਏ ਜਾਣ ਵਾਲੀਆਂ ਸਖਸ਼ੀਅਤਾਂ ਨੂੰ ਨਿਮੰਤ੍ਰਤ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਦਾ ਉਤਸ਼ਾਹ ਅਤੇ ਜਾਣਕਾਰੀ ਇਸ ਪ੍ਰੇਡ ਨੂੰ ਦਰਸਾਉਣ ਸਬੰਧੀ ਅਚੰਭਾ ਕਰ ਗੁਜਰਨ ਦੀ ਤਰਜੀਹ ਦਿੰਦੀ ਨਜ਼ਰ ਆਉਂਦੀ ਵੇਖੀ ਗਈ ਹੈ। ਆਖੀਰ ਵਿੱਚ ਬਲਜਿੰਦਰ ਸਿੰਘ ਸ਼ੰਮੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਅੰਤਮ ਛੋਹਾਂ ਦੇਣ ਲਈ ਇੱਕ ਮੀਟਿੰਗ ਜੂਨ ਦੇ ਅੰਤਲੇ ਹਫਤੇ ਇਸ ਪ੍ਰੇਡ ਨੂੰ ਲੋਕਹਿੱਤ ਕੀਤਾ ਜਾਵੇਗਾ।