* ਅਮਰੀਕਾ ਤੋਂ ਇੱਕ ਸੌ ਦੇ ਜਥੇ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਭਰੋਸਾ
ਵਾਸ਼ਿੰਗਟਨ ਡੀ. ਸੀ. (ਗਿੱਲ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੁਰਪੁਰਬ ਮਨਾਉਣ ਸਬੰਧੀ ਵਿਸ਼ੇਸ਼ ਜਥੇ ਦੇ ਪ੍ਰਬੰਧਾਂ ਸਬੰਧੀ ਸਿੱਖਸ ਆਫ ਯੂ. ਐੱਸ. ਏ. ਦਾ ਇੱਕ ਵਫਦ ਨੇ ਪਾਕਿਸਤਾਨ ਦੇ ਅੰਬੈਸਡਰ ਮਸੂਦ ਖਾਨ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦਾ ਆਯੋਜਿਨ ਕਮਿਊਨਿਟੀ ਮਨਿਸਟਰ ਤੇ ਫਸਟ ਸੈਕਟਰੀ ਸਾਇਦ ਰਜਾ ਨੇ ਕੀਤਾ। ਇਸ ਮੀਟਿੰਗ ਵਿੱਚ ਡਿਪਟੀ ਅੰਬੈਸਡਰ, ਵਿਸ਼ੇਸ਼ ਸੈਕਟਰੀ ਰਿਜਵਾਮ ਗੁੱਲ, ਪ੍ਰੈੱਸ ਸੈਕਟਰੀ ਨੇ ਹਿੱਸਾ ਲਿਆ।
ਮੀਟਿੰਗ ਦੀ ਸ਼ੁਰੂਆਤ ਜਾਣ ਪਹਿਚਾਣ ਉਪਰੰਤ ਸ਼ੁਰੂ ਕੀਤੀ ਗਈ। ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ. ਐੱਸ. ਏ. ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਗੁਰਪੁਰਬ ਤੇ ਇੱਕ ਸੌ ਦਾ ਜਥਾ ਅਮਰੀਕਾ ਤੋਂ ਜਾ ਰਿਹਾ ਹੈ। ਉਹਨਾਂ ਦੇ ਪ੍ਰਬੰਧ ਤੇ ਸਕਿਉਰਿਟੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਧਾਰਮਿਕ ਯਾਤਰੀਆਂ ਨੂੰ ਦੂਹਰੀ ਐਂਟਰੀ ਜਾਂ ਮਲਟੀਪਲ ਐਂਟਰੀ ਵੀਜਾ ਦਿੱਤਾ ਜਾਵੇ। ਸਿੰਗਲ ਐਂਟਰੀ ਸਿਰਫ ਉਹਨਾਂ ਨੂੰ ਦਿੱਤੀ ਜਾਵੇ ਜੋ ਸਿੱਧੇ ਜਾ ਕੇ ਵਾਪਸ ਮੁੜਦੇ ਹਨ।
ਕੇ. ਕੇ. ਸਿੱਧੂ ਨੇ ਕਿਹਾ ਕਿ ਯਾਤਰੀ ਬਹੁਤ ਜਾਣਾ ਚਾਹੁੰਦੇ ਹਨ। ਪਰ ਉਹਨਾਂ ਨੂੰ ਪੈਕਜ ਮੁਹੱਈਆ ਕਰਵਾਇਆ ਜਾਵੇ। ਦਵਿੰਦਰ ਗਿੱਲ ਨੇ ਕਿਹਾ ਕਿ ਐਂਟਰੀ ਘੱਟੋ ਘੱਟ ਛੇ ਮਹੀਨੇ ਦੀ ਦਿੱਤੀ ਜਾਵੇ। ਹਰਜੀਤ ਸਿੰਘ ਹੁੰਦਲ ਸੀ. ਈ. ਓ. ਸਬ ਰੰਗ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਸਾਂਝਾ ਹੈ। ਇਸ ਨੂੰ ਅੰਬੈਸੀ ਵਿੱਚ ਮਨਾਉਣ ਲਈ ਯਕੀਨੀ ਬਣਾਇਆ ਜਾਵੇ। ਰਣਜੀਤ ਕੁਮਾਰ ਨੇ ਕਿਹਾ ਕਿ ਪਹੁੰਚ ਵੀਜਾ ਸ਼ੁਰੂ ਕੀਤਾ ਜਾਵੇ। ਉਹਨਾਂ ਕਿਹਾ ਕਿ ਸਪਾਂਸਰ ਪੱਤਰ ਦੀ ਜ਼ਰੂਰਤ ਨੂੰ ਖਤਮ ਕੀਤਾ ਜਾਵੇ। ਉਸ ਦੀ ਜਗ੍ਹਾ ਸਥਾਨਕ ਗੁਰੂਘਰ ਤੇ ਰਜਿਸਟਰ ਸੰਸਥਾ ਦੇ ਪੱਤਰ ਨੂੰ ਮਾਨਤਾ ਦਿੱਤੀ ਜਾਵੇ। ਜਿਸ ਨੂੰ ਤੁਰੰਤ ਸਵੀਕਾਰਿਆ ਗਿਆ।
ਅੰਬੈਸਡਰ ਮਸੂਦ ਖਾਨ ਨੇ ਹਰੇਕ ਮੁੱਦੇ ਬਾਰੇ ਢੁਕਵੇਂ ਜਵਾਬ ਦਿੱਤੇ ਤੇ ਕਮਿਊਨਿਟੀ ਮਨਿਸਟਰ ਨੇ ਕਾਨੂੰਨ ਮੁਤਾਬਕ ਸਾਰੀ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਸਿੱਖਸ ਆਫ ਯੂ. ਐੱਸ. ਏ. ਵੱਲੋਂ ਅੰਬੈਸਡਰ ਮਸੂਦ ਖਾਨ ਨੂੰ ਸਾਈਟੇਸ਼ਨ ਤੇ ਸਾਲ ਨਾਲ ਸਨਮਾਨਿਤ ਕੀਤਾ ਗਿਆ। ਅੰਬੈਸਡਰ ਨੇ ਵਫਦ ਦਾ ਨਿੱਘਾ ਸਵਾਗਤ ਕੀਤਾ ਤੇ ਚਾਹ ਦਾ ਕੱਪ ਵਫਦ ਨੂੰ ਪਿਲਾਇਆ । ਵਫਦ ਨੇ ਅੰਬੈਸੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।