ਮੈਰੀਲੈਂਡ (ਗਗਨ ਦਮਾਮਾ ਬਿਓਰੋ) – ਹਿੰਦੂ ਮੰਦਰ ਕੋਲੰਬੀਆ ਦੀ ਬਿਹਤਰੀ ਲਈ ਕ੍ਰਿਸ਼ਨਾ ਬੋਣਲਡ, ਅੰਜਨਾ ਅਤੇ ਅਰੁਨਾਨਿਧੀ ਵਲੋਂ ਇੱਕ ਸੁਰ ਸੰਗਮ ਕਲਚਰਲ ਪ੍ਰੋਗਰਾਮ ਸਤਿਆਟਨ ਹਾਊਸ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਵੱਖ-ਵੱਖ ਸਪਾਂਸਰਾਂ ਦੀ ਮਦਦ ਨਾਲ ਇਸ ਮਿਊਜ਼ੀਕਲ ਨਾਈਟ ਨੂੰ ਰੰਗ-ਬਿਰੰਗੀ ਵੰਨਗੀ ਹਿੰਦੀ ਗੀਤਾਂ, ਨਾਚ ਅਤੇ ਆਰਕੈਸਟਰਾ ਨਾਲ ਖੂਬ ਸਜਾਇਆ ਗਿਆ। ਜਿਸ ਵਿੱਚ ਮੁੱਖ ਤੌਰ ਤੇ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਅਤੇ ਸਾਜਿਦ ਤਰਾਰ ਦਾ ਮੁੱਖ ਯੋਗਦਾਨ ਸੀ। ਭਾਵੇਂ ਉਹ ਆਪਣੇ ਸਖਤ ਰੁਝੇਵਿਆਂ ਕਰਕੇ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਦੀ ਜਗ੍ਹਾ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਬਤੌਰ ਵਿਸ਼ੇਸ਼ ਮਹਿਮਾਨ ਡਿਊਟੀ ਨਿਭਾਈ।
ਪ੍ਰੋਗਰਾਮ ਦੀ ਸ਼ੁਰੂਆਤ ਦੀਪਕ ਜਲਾ ਕੇ ਕੀਤੀ ਗਈ ਜੋ ਮੋਹਨ ਗਰੋਵਰ, ਡਾ. ਸੁਰਿੰਦਰ ਸਿੰਘ ਗਿੱਲ, ਮੰਦਰ ਦੇ ਪੁਜਾਰੀ ਅਤੇ ਕ੍ਰਿਸ਼ਨਾ ਬੋਣਲਡ ਵਲੋਂ ਨਿਭਾਈ ਗਈ। ਉਪਰੰਤ ਰੰਗਾ ਰੰਗ ਪ੍ਰੋਗਰਾਮ ਅੰਜਨਾ ਵਲੋਂ ਪੇਸ਼ ਕੀਤਾ ਗਿਆ। ਜਿਸ ਵਿੱਚ ਅਰੁਣਾਨਿਧੀ, ਰੋਵਿਨ ਗੋਸਵਾਮੀ ਨੇ ਖੂਬ ਗੀਤ ਗਾ ਕੇ ਇਸ ਮਿਊਜ਼ੀਕਲ ਨਾਈਟ ਨੂੰ ਚਾਰ ਚੰਨ ਲਾਏ ਅਤੇ ਹਿਨਾ ਨੇ ਸ੍ਰੀਦੇਵੀ ਦੇ ਗੀਤਾਂ ਨੂੰ ਸਮਰਪਿਤ ਗੀਤਾਂ ਰਾਹੀਂ ਨਾਚ ਕਰਕੇ ਪੂਰੇ ਹਾਲ ਨੂੰ ਨੱਚਣ ਲਗਾ ਦਿੱਤਾ।
ਜਿੱਥੇ ਇਹ ਹਿੰਦੂ ਮੰਦਰ ਦੀ ਮਾਲੀ ਮਦਦ ਲਈ ਕਲਚਰਲ ਨਾਈਟ ਲਾਹੇਵੰਦ ਸਾਬਤ ਹੋਈ ਹੈ। ਉੱਥੇ ਭਾਈਚਾਰਕ ਸਾਂਝ ਅਤੇ ਮੇਲ ਜੋੜ ਵਿੱਚ ਵੀ ਤੰਦ ਪਕੇਰੀ ਹੋਈ ਹੈ। ਫੁਲਵੀ ਨਟਰਾਜਨ ਸਾਬਕਾ ਡਿਪਟੀ ਸੈਕਟਰੀ, ਡਾ. ਅਰੁਣ ਭੰਡਾਰੀ, ਡਾ. ਸੁਰੇਸ਼ ਗੁਪਤਾ, ਨਗਿੰਦਰ ਰਾਓ, ਪਵਨ ਬੈਜਵਾੜਾ, ਗੋਇਲ ਪ੍ਰੈੱਸ ਰਿਪੋਰਟਰ, ਪੁਜਾਰੀ ਅਸ਼ੋਕ ਬਤਰਾ, ਮੋਹਨ ਗਰੋਵਰ, ਯਸ਼ੀ ਅਗਰਵਾਲ ਤੋਂ ਇਲਾਵਾ ਹਿੰਦੂ ਮੰਦਰ ਦੀ ਸੰਗਤ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਰਾਜੀਵ ਵਲੋਂ ਸਟੇਟ ਦੀ ਸੇਵਾ ਬਾਖੂਬ ਨਿਭਾਈ ਤੇ ਸਮੇਂ ਸਮੇਂ ਹਾਜ਼ਰੀਨ ਨੂੰ ਲਤੀਫੇ ਵੀ ਸੁਣਾਏ, ਪਰ ਆਰਕੈਸਟਰਾ ਤੇ ਜੀਜੂ ਨਾਇਰ, ਕਲਾਨ ਸ਼ੰਭੂ, ਕੋਨੀ ਸਮੀਰ ਅਤੇ ਗਨੇਸ਼ ਨੇ ਖੂਬ ਰੰਗ ਬੰਨ੍ਹਿਆ। ਸਮੁੱਚੇ ਤੌਰ ਤੇ ਮਿਊਜ਼ੀਕਲ ਨਾਈਟ ਹਿੰਦੂ ਮੰਦਰ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਈ। ਜਿਸ ਲਈ ਆਏ ਮਹਿਮਾਨਾਂ ਵਲੋਂ ਖੂਬ ਦਾਨ ਦਿੱਤਾ ਗਿਆ। ਆਸ ਹੈ ਕਿ ਇਸ ਹਿੰਦੂ ਮੰਦਰ ਦੀ ਦਿੱਖ ਹੋਰ ਵੀ ਖੂਬਸੂਰਤ ਬਣੇਗੀ। ਜਿਸ ਲਈ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।