-ਬਲਵਿੰਦਰ 'ਬਾਲਮ' ਗੁਰਦਾਸਪੁਰ-
ਐਡਮਿੰਟਨ (ਕੈਨੇਡਾ) ਵਿਖੇ ਨਾਰੀ ਸ਼ਕਤੀ ਦਾ ਪ੍ਰਤੀਕ ਅਤੇ ਪ੍ਰਾਚੀਨ ਸੱਭਿਆਚਾਰ ਆਂਚਲਿਕ ਮਹਿਲਾ ਦਿਵਸ 'ਤੀਆਂ ਦਾ ਤਿਉਹਾਰ' ਧੂਮਧਾਮ ਅਤੇ ਸ਼ਰਧਾ ਪੂਰਵਕ ਢੰਗ ਨਾਲ ਮਨਾਇਆ ਗਿਆ। ਇਹ ਤਿਉਹਾਰ ਸਥਾਨਕ ਸੰਯੋਜਕ, ਸੰਸਥਾਪਕ ਵਰਿੰਦਰ ਪਾਲ ਸਿੰਘ ਭੁੱਲਰ ਗ੍ਰੀਨ ਸਕਾਲਰਜ਼ ਆਫ ਅਲਬਰਟਾ ਅਤੇ ਸੰਚਾਲਕ ਮਹਿਲਾ ਕੁਲਦੀਪ ਧਾਲੀਵਾਲ ਦੀ ਰਹਿਨੁਮਾਈ ਹੇਠ ਮੈਤੋਜ ਕਮਿਊਨਿਟੀ ਦੇ ਸਹਿਯੋਗ ਨਾਲ ਖੇਹਲ ਭਰਪੂਰ ਕਿਰਿਆਵਾਂ ਦੇ ਨਾਲ ਸੰਪੰਨ ਹੋਇਆ। ਇਹ ਤਿਉਹਾਰ ਹਰ ਸਾਲ ਦੀ ਤਰ੍ਹਾਂ ਵਰਿੰਦਰ ਪਾਲ ਸਿੰਘ ਭੁੱਲਰ ਦੇ ਮਾਤਾ ਸ੍ਰੀਮਤੀ ਸਵ. ਰਾਜਿੰਦਰ ਕੌਰ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ।
ਪੰਜਾਬੀ ਪ੍ਰਾਚੀਨ ਸੱਭਿਆਚਾਰ ਕਿਰਿਆਵਾਂ ਨਾਲ ਇਸ ਤਿਉਹਾਰ ਵਿੱਚ ਲਗਭਗ 150 ਦੇ ਕਰੀਬ ਮਹਿਲਾਵਾਂ, ਮੁਟਿਆਰਾਂ, ਬੱਚੀਆਂ ਅਤੇ ਹਰਸ਼ੋਉੱਲਾਸ ਨਾਲ ਭਾਗ ਲਿਆ।
ਇਸ ਸਮਾਗਮ ਵਿੱਚ ਮਹਿਲਾਵਾਂ ਨੇ ਗਿੱਧਾ, ਭੰਗੜਾ, ਕਵਿਤਾਵਾਂ, ਗੀਤ, ਡਾਂਸ, ਸ਼ੇਅਰੋ-ਸ਼ਾਇਰੀ, ਹਾਸਾ ਠੱਠਾ, ਮਜ਼ਾਕ, ਠਿਠੋਲੀਆਂ, ਬੋਲੀਆਂ, ਕਿੱਕਲੀਆਂ, ਅਠਖੇਲੀਆਂ, ਦਿਲਾਂ ਦੇ ਵਲਵਲੇ, ਖੱਟੀਆਂ-ਮਿੱਠੀਆਂ ਸਰਗੋਸ਼ੀਆਂ, ਪੰਜਾਬ, ਪੰਜਾਬੀ, ਪੰਜਾਬੀਅਤ ਦੀ ਪ੍ਰਾਚੀਨ ਅਤੇ ਆਧੁਨਿਕ ਸੰਗਮਤਾ ਦੀ ਮਿਸਾਲ, ਸਹੇਲੀਆਂ ਦੇ ਮੋਹ ਦਾ ਨਿੱਘ, ਮਹਿਲਾ ਅਜ਼ਾਦੀ ਦੀ ਝਲਕ, ਮਾਵਾਂ ਧੀਆਂ, ਨੂੰਹ ਸੱਸ ਦੇ ਪਿਆਰ ਸਤਿਕਾਰ ਦਾ ਨਿੱਘ, ਯਾਰੀਆਂ ਦਿਲਦਾਰੀਆਂ ਦੀ ਗਲਵਕੜੀ ਦਾ ਲੌਕਿਕ ਸੰਦਰਭ ਆਦਿ ਰਿਸ਼ਤਿਆਂ ਦੀ ਖੂਸ਼ਬੂਦਾਰ ਮਿਲਾਪਾਂ ਦੀ ਪਹਿਚਾਣ ਛੱਡ ਕੇ ਪੰਜਾਬੀਅਤ ਦਾ ਮਾਣ ਸਨਮਾਨ ਬੁਲੰਦ ਕੀਤਾ।
ਇਸ ਤਿਉਹਾਰ ਸਮੇਂ ਬਾਰਿਸ਼ ਦੇ ਬਾਵਜੂਦ ਮਹਿਲਾਵਾਂ ਨੇ ਤੀਆਂ ਦੇ ਤਿਉਹਾਰ ਦੇ ਸਾਰੇ ਸ਼ਗਨ ਸੰਪੂਰਨ ਕਰਦੇ ਹੋਏ ਖੁਸ਼ੀਆਂ ਨੂੰ ਸਧਰਾਂ ਨਾਲ ਜ਼ਰਬ ਕਰ ਦਿੱਤਾ। ਐਡਮਿੰਟਨ ਮੈਦਾਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲੌਕਿਕ ਅਤੇ ਅਲੌਕਿਕ ਰੰਗਾਂ ਵਿੱਚ ਰੰਗਿਆ ਗਿਆ। ਇਸ ਮੌਕੇ ਤੇ ਕਲਕਾਰ ਮਹਿਲਾਵਾਂ ਨੂੰ ਇਨਾਮ ਵੀ ਤਕਸੀਮ ਕੀਤੇ।