ਐਡਮਿੰਟਨ (ਬਲਵਿੰਦਰ 'ਬਾਲਮ' ਗੁਰਦਾਸਪੁਰ) – ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ (ਕੈਨੇਡਾ) ਵਿਖੇ 5 ਸਾਲ ਤੋਂ 15 ਸਾਲ ਤੱਕ ਦੇ ਸਕੂਲੀ ਬੱਚਿਆਂ ਦਾ ਵਿੱਦਿਅਕ ਤੇ ਸੱਭਿਆਚਾਰਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 700 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਹ ਕੈਂਪ ਇੱਕ ਮਹੀਨੇ ਤੱਕ ਚੱਲੇਗਾ।
ਇਸ ਕੈਂਪ ਦੇ ਸੰਯੋਜਕ ਵਰਿੰਦਰਪਾਲ ਸਿੰਘ ਭੁੱਲਰ ਗ੍ਰੀਨ ਸਕਾਲਰਜ਼ ਆਫ ਅਲਬਰਟਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਦੀ ਪ੍ਰਤਿਭਾ, ਬਹੁਪੱਖੀ ਵਿਕਾਸ, ਬੌਧਿਕ ਸਤਰ, ਅਨੁਸ਼ਾਸਨ, ਖੇਡ ਕਿਰਿਆਵਾਂ, ਭਾਸ਼ਾਵਾਂ, ਮਾਤਰੀ ਭਾਸ਼ਾ, ਵਿਸ਼ਿਆਂ ਦਾ ਗਿਆਨ, ਮੇਲ-ਮਿਲਾਪ, ਸਦਾਚਾਰਕ ਗੁਣ, ਆਪਸੀ ਭਾਈਚਾਰਾ, ਅਗਵਾਈ ਦੇ ਗੁਣ, ਵੇਹਲੇ ਸਮੇਂ ਦਾ ਸਦਉਪਯੋਗ, ਘੱਟ ਤੋਂ ਘੱਟ ਸ਼ਕਤੀ ਅਤੇ ਘੱਟ ਤੋਂ ਘੱਟ ਸਮਾਂ ਲਗਾ ਕੇ ਵੱਧ ਕੰਮ ਕਰਨ ਦੀ ਯੋਗਤਾ, ਆਦਿ ਗਿਆਨਮਈ ਅਤੇ ਸਿੱਖਿਆਦਾਇਕ ਭਰਪੂਰ ਜਾਣਕਾਰੀ, ਨੈਤਿਕ ਕਦਰਾਂ ਕੀਮਤਾਂ ਨੂੰ ਉਜਾਗਰ ਕਰਨਾ ਹੈ।
ਇਸ ਕੈਂਪ ਵਿੱਚ ਪੰਜਾਬੀ, ਹਿੰਦੀ, ਗੁਜਰਾਤੀ ਭਾਸ਼ਾਵਾਂ ਦਾ ਗਿਆਨ, ਲਿਖਣਾ, ਪੜ੍ਹਨਾ, ਉਚਾਰਣ, ਸਮਝਣਾ ਅਤੇ ਮੌਖਿਕ ਤੇ ਲਿਖਤ ਪ੍ਰਯੋਗ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਆਪਣੇ-ਆਪਣੇ ਸੱਭਿਆਚਾਰ ਦੇ ਭੰਗੜੇ, ਗਿੱਧੇ, ਨਾਟਕ, ਸਾਹਿਤ ਅਤੇ ਹੋਰ ਖੇਡ ਕਿਰਿਆਵਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੀ ਮਾਤ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ।
ਇਸ ਕੈਂਪ ਵਿੱਚ ਬੱਚਿਆਂ ਨੂੰ ਕੇਵਲ ਵਲੰਟੀਅਰ ਦੀ ਸਿਖਲਾਈ ਦਿੰਦੇ ਹਨ। ਗ੍ਰੀਨ ਸਕਲਾਰਜ਼ ਆਫ ਅਲਬਰਟਾ ਸੁਸਾਇਟੀ ਅਤੇ ਸਰਕਾਰੀ ਮਦਦ ਨਾਲ ਹੀ ਇਹ ਕੈਂਪ ਨੇਪਰੇ ਚੜ੍ਹਦੇ ਹਨ।
ਇਸ ਕੈਂਪ ਦੇ ਸੰਯੋਜਕ ਮਿਸਟਰ ਭੁੱਲਰ 20 ਸਾਲਾਂ ਤੋਂ ਇਹ ਕਾਰਜ ਕਰਦੇ ਆ ਰਹੇ ਹਨ ਤੇ ਲਗਭਗ ਪੰਜ ਹਜ਼ਾਰ ਬੱਚਿਆਂ ਨੂੰ ਵੱਖ-ਵੱਖ ਕੈਂਪਾਂ ਰਾਹੀਂ ਸਿੱਖਿਅਤ ਕਰ ਚੁੱਕੇ ਹਨ। ਇਸ ਕੈਂਪ ਦੀ ਸਮਾਪਤੀ ਤੋਂ ਬਾਅਦ ਯੂਨੀਵਰ ਸਿਟੀ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿੱਚ ਮਾਪੇ ਵੀ ਸ਼ਾਮਲ ਹੋਣਗੇ। ਜੇਤੂ ਬੱਚਿਆਂ ਨੂੰ ਈਨਾਮ ਤਕਸੀਮ ਕੀਤੇ ਜਾਣਗੇ।