ਹਿਊਸਟਨ (ਗਗਨ ਦਮਾਮਾ ਬਿਓਰੋ) - 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰੂ ਨਾਨਕ ਦਸਤਾਵੇਜ਼ੀ ਫ਼ਿਲਮ ਦੇ ਸਮਰਥਨ ਲਈ ਇਕੱਠੇ ਹੋਏ ਅਤੇ ਇਸ ਪ੍ਰੋਜੈਕਟ ਲਈ ਉਹਨਾਂ ਨੇ $ 100,000 ਦੇ ਫੰਡ ਇਕੱਠੇ ਕੀਤੇ। ਹਿਊਸਟਨ ਦੇ ਸਾਰੇ ਪੰਜ ਮੁੱਖ ਗੁਰਦੁਆਰਿਆਂ ਨੇ ਇਸ ਪਹਿਲਕਦਮੀ ਨਾਲ ਆਪਣੀ ਸਾਂਝੀ ਏਕਤਾ ਦਿਖਾਈ। ਸਿੱਖ ਸੈਂਟਰ ਦੇ ਡਾ. ਕੰਵਲਜੀਤ ਸਿੰਘ ਨੇ ਇਸ ਮੌਕੇ ਹਾਜ਼ਰ ਲੋਕਾਂ ਦਾ ਸਵਾਗਤ ਕੀਤਾ।
ਨੈਸ਼ਨਲ ਸਿੱਖ ਕੈਂਪੇਨ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਡਾ ਰਾਜਵੰਤ ਸਿੰਘ ਨੇ ਕਿਹਾ, "ਇਹ ਅਮਰੀਕਾ ਦੇ ਇਸ ਦੱਖਣੀ ਸ਼ਹਿਰ ਵਿੱਚ ਸਿੱਖਾਂ ਦੀ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਹਰੇਕ ਸਿੱਖ ਚਾਹੁੰਦਾ ਹੈ ਕਿ ਦੁਨੀਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲਗੇ।
ਉਨ੍ਹਾਂ ਨੇ ਕਿਹਾ, "ਜ਼ਿਆਦਾਤਰ ਅਮਰੀਕੀਆਂ ਨੇ ਕਦੇ ਵੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਹੀਂ ਸੁਣਿਆ ਹੈ। ਨੈਸ਼ਨਲ ਸਿੱਖ ਮੁਹਿੰਮ ਅਤੂਰ ਪ੍ਰੋਡਕਸ਼ਨਾਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਹ ਅਮਰੀਕਾ ਦੇ ਸਾਰੇ ਪੀ.ਬੀ.ਐਸ. ਸਟੇਸ਼ਨਾਂ 'ਤੇ ਇਸ ਫਿਲਮ ਨੂੰ ਦਿਖਾਇਆ ਜਾ ਸਕੇ।
ਸ਼ੂਗਰਲੈਂਡ ਦੇ ਸਿੱਖ ਗੁਰਦੁਆਰੇ ਦੇ ਪ੍ਰਧਾਨ ਡਾ. ਪਾਲ ਲਿਖਾਰੀ ਨੇ ਕਿਹਾ, "ਦੁਨੀਆਂ ਭਰ ਵਿੱਚ ਸਾਰੇ ਸਿੱਖ ਇਸ ਪ੍ਰਾਜੈਕਟ ਲਈ ਉਤਸ਼ਾਹਿਤ ਹਨ। ਅਸੀਂ ਮਹਿਸੂਸ ਕੀਤਾ ਕਿ ਇਹ ਸੱਚਮੁੱਚ ਸਾਡੇ ਭਾਈਚਾਰੇ ਲਈ ਇੱਕ ਦੂਰਅੰਦੇਸ਼ੀ ਅਤੇ ਢੁੱਕਵਾਂ ਪ੍ਰਾਜੈਕਟ ਹੈ। "
ਸਿੱਖ ਨੈਸ਼ਨਲ ਸੈਂਟਰ ਆਫ ਹਿਊਸਟਨ ਦੇ ਸਹਿ-ਸੰਸਥਾਪਕ ਡਾ. ਹਰਦਮ ਸਿੰਘ ਅਜ਼ਾਦ ਨੇ ਕਿਹਾ, "ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੈ ਕਿ ਅਸੀਂ 550 ਵੇਂ ਜਨਮ ਦਿਹਾੜੇ ਦੇ ਇਸ ਮੌਕੇ ਤੇ ਵਿਸ਼ਵ ਪੱਧਰ ਤੱਕ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਵਧਾਈਏ।"
ਡਾ. ਕੰਵਲਜੀਤ ਸਿੰਘ ਨੇ ਕਿਹਾ, "ਇਹ ਇੱਕ ਸ਼ਾਨਦਾਰ ਗੱਲ ਸੀ ਕਿ ਸ਼ਹਿਰ ਦੇ ਸਾਰੇ ਮੋਹਰੀ ਸਿੱਖ ਇਸ ਪ੍ਰਾਜੈਕਟ ਦਾ ਸਮਰਥਨ ਕਰਨ ਆਏ।"
ਜਸਮੀਤ ਸਿੰਘ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ ਅਤੇ ਕਿਹਾ ਕਿ "ਸਾਡੀ ਨੌਜਵਾਨ ਪੀੜ੍ਹੀ ਲਈ ਭਾਈਚਾਰੇ ਦਾ ਸਮਰਥਨ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਦਸਤਾਵੇਜ਼ੀ ਫਿਲਮ ਰਾਹੀਂ ਸਾਡੇ ਬੱਚੇ ਸਿੱਖਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਗਰੂਕ ਹੋਣ ਵਿੱਚ ਸਫਲ ਹੋਣਗੇ। ਰਾਣੀ ਪਾਰਸ ਨੇ ਗੁਰੂ ਨਾਨਕ ਦੇਵ ਤੇ ਇਕ ਗੀਤ ਗਾਇਆ ਅਤੇ ਦਰਸ਼ਕਾਂ ਨੂੰ ਪ੍ਰੇਰਿਆ। ਇਸ ਤੋਂ ਇਲਾਵਾ, ਕੈਲਗਰੀ ਤੋਂ ਹਾਿਸਆਂ ਦੇ ਬਾਦਸ਼ਾਹ ਤਰਲੋਕ ਸਿੰਘ ਚੁੱਘ ਖਾਸ ਤੌਰ ਤੇ ਹਾਸੇ ਵਖੇਰਨ ਅਤੇ ਖੁਸ਼ੀਆਂ ਵਿੱਚ ਵਾਧਾ ਕਰਨ ਆਏ ਸਨ।ਸੁਖਪ੍ਰੀਤ ਕੌਰ ਨੇ ਸਮੂਹ ਹਾਜਰੀਨਾਂ ਲਈ ਖਾਣੇ ਦਾ ਇੰਤਜ਼ਾਮ ਕੀਤਾ ਅਤੇ ਗੁਰੂ ਤੇਗ ਬਹਾਦੁਰ ਗੁਰਦੁਆਰਾ ਸਾਹਿਬ ਦੇ ਹਰਦਿਆਲ ਸਿੰਘ ਮਾਂਗਟ ਨੇ ਇਸ ਸਮਾਗਮ ਲਈ ਆਪਣਾ ਬੈਂਕੂਐਟ ਹਾਲ ਮੁਹੱਈਆ ਕੀਤਾ।
ਐਨ .ਐਸ. ਸੀ .ਨੇ ਮਹਾਨ ਗੁਰੂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਪੀ.ਬੀ.ਐੱਸ. ਤੋਂ ਇਲਾਵਾ ਨੌਜਵਾਨ ਵਰਗ ਤੱਕ ਪਹੁੰਚਾਣ ਲਈ ਇਕ ਸੋਸ਼ਲ ਮੀਡੀਆ ਅਭਿਆਨ ਸ਼ੁਰੂ ਕਰਨ ਲਈ ਇਕ ਸਨਮਾਨਯੋਗ ਮਾਰਕੀਟਿੰਗ ਕੰਪਨੀ ਨੂੰ ਵੀ ਹਾਇਰ ਕੀਤਾ ਹੈ।