ਸ੍ਰੀ ਨਨਕਾਣਾ ਸਾਹਿਬ (ਗਿੱਲ) - ਸ੍ਰੀ ਨਨਕਾਣਾ ਸਾਹਿਬ ਦੀਆਂ ਸਮ੍ਹੂਹ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਰੱਖੇ ਗਏ।ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਵੇਲੇ ਭਾਰਤ ਤੋਂ ਆਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜੱਥੇ ਭਾਈ ਮਨਿੰਦਰ ਸਿੰਘ ਜੀ ਨੇ ਆਸਾ ਕੀ ਵਾਰ ਦੀ ਹਾਜ਼ਰੀ ਲਗਵਾਈ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰਦਾਸ ਤੇ ਹੁਕਮਨਾਮਾ ਸਾਹਿਬ ਦੀ ਸੇਵਾ ਗਿਆਨੀ ਰਣਜੀਤ ਸਿੰਘ (ਗੌਹਰ ਏ ਮਸਕੀਨ) ਨੇ ਨਿਭਾਈ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਕੀਰਤਨੀ ਜੱਥਿਆਂ ਵੱਲੋਂ ਇਲਾਹੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਥੇ ਹੀ ਕਰਾਚੀ ਤੋਂ ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ-ਇਨ-ਚੀਫ਼ ਸਰਦਾਰ ਰਮੇਸ਼ ਸਿੰਘ ਖਾਲਸਾ ਵਿਸ਼ੇਸ਼ ਤੋਰ 'ਤੇ ਪਹੁੰਚੇ ਹੋਏ ਸਨ। ਖਾਲਸਾ ਜੀ ਨਾਲ ਸਿੰਧ ਦੇ ਹਰਮਨ ਪਿਆਰੇ ਕੀਰਤਨੀ ਭਾਈ ਰਾਹੁਲ ਜੀ ਜੋ ਥੋੜੇ ਦਿਨ ਪਹਿਲਾਂ ਹੀ ਡੁਬਈ ਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਨਿਭਾਅ ਕੇ ਵਾਪਸ ਆਏ ਸਨ ਉਹਨਾਂ ਨੇ ਵੀ ਆਪਣੀ ਮਨਮੋਹਨ ਆਵਾਜ਼ ਨਾਲ ਰਸ-ਭਿੰਨਾ ਕੀਰਤਨ 'ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ' ਕਰਕੇ ਸੰਗਤਾਂ ਦਾ ਦਿਲ ਮੋਹ ਲਿਆ।
ਗਿਆਨੀ ਜਨਮ ਸਿੰਘ (ਕਥਾ ਵਾਚਕ) ਸ੍ਰੀ ਨਨਕਾਣਾ ਸਾਹਿਬ ਵਾਲਿਆਂ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਉਹਨਾਂ ਵੱਲੋਂ ਪਾਏ ਗਏ ਪੂਰਨਿਆਂ ਅਨੁਸਾਰ ਜੀਵਨ ਜਿਉਂਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਵਾਲੇ ਬਣ ਕੇ ਆਪਣੀ ਹਉਮੇਂ ਦਾ ਤਿਆਗ ਕਰਕੇ ਸਿੱਖੀ ਸਿਧਾਤਾਂ ਤੇ ਪਹਿਰਾ ਦੇਣ ਦੀ ਅੱਜ ਬਹੁਤ ਜ਼ਰੂਰਤ ਹੈ ਤਾਂ ਕਿ ਅਸੀਂ ਸਮਾਜ ਵਿਚ ਤੇ ਦੂਜੇ ਧਰਮਾਂ ਸਾਹਮਣੇ ਕਹਿਣੀ ਤੇ ਕਰਨੀ ਦੀ ਕਸਵੱਟੀ ਤੇ ਪੂਰਾ ਉਤਰ ਕੇ ਦਿਖਾ ਸਕੀਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਭਜਨ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਪੱਟੀ ਸਾਹਿਬ ਨੇ ਅਰਦਾਸ ਦੀ ਸੇਵਾ ਨਿਭਾਈ।
ਭਾਈ ਪ੍ਰੇਮ ਸਿੰਘ ਗ੍ਰੰਥੀ ਨੇ ਸਰਦਾਰ ਰਮੇਸ਼ ਸਿੰਘ ਖਾਲਸਾ ਦਾ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਆ ਕੇ ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਹਿਯੋਗ ਪਾਕਿਸਤਾਨ ਦੀਆਂ ਸੰਗਤਾਂ ਨੂੰ ਦਿੰਦੇ ਰਹਿਣ ਤਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ੫੫੦ ਸਾਲਾ ਪ੍ਰਕਾਸ਼ ਉਤਸਵ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੂਰੇ ਪਿਆਰ ਅਤੇ ਜੋਸ਼ ਨਾਲ ਮਨਾ ਸਕਣ।
ਰਮੇਸ਼ ਸਿੰਘ ਖਾਲਸਾ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਤੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।