* ਡਾ. ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵਲੋਂ ਕਾਲਜ ਲਈ ੫੧ ਹਜ਼ਾਰ ਦੀ ਸ਼ਕਾਲਰਸ਼ਿਪ ਦਾ ਐਲਾਨ
* ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਅਧਿਆਪਕ ਆਪਣੀ ਜ਼ਿੰੰਮੇਵਾਰੀ ਨਿਭਾਉਣ : ਗਿੱਲ
ਬਠਿੰਡਾ (ਵਿਸ਼ੇਸ਼ ਪ੍ਰਤੀਨਿਧ) – ਸਿੰਘ ਸਭਾ ਪ੍ਰਬੰਧਕ ਕਮੇਟੀ ਬਠਿੰਡਾ ਵਲੋਂ ਵੱਖ-ਵੱਖ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ। ਜਿੱਥੇ ਇਹ ਅਦਾਰੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਉੱਥੇ ਵਿਦਿਆਰਥੀ ਵੱਲੋਂ ਮੱਲਾਂ ਮਾਰਕੇ ਉਹ ਅਧਿਆਪਕਾਂ, ਮਾਪਿਆਂ ਅਤੇ ਆਪਣੇ ਅਦਾਰਿਆ ਦਾ ਨਾਮ ਰੌਸ਼ਨ ਕਰ ਰਹੇ ਹਨ।
ਗੁਰੂ ਨਾਨਕ ਗਰਲਜ਼ ਕਾਲਜ ਦੇ ਮੁੱਖ ਪ੍ਰਬੰਧਕ ਰਜਿੰਦਰ ਸਿੰਘ ਸਿੱਧੂ ਵਲੋਂ ਅਮਰੀਕਾ ਦੀ ਸੰਸਥਾ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ ਬੁਲਾ ਕੇ ਸਨਮਾਨਿਤ ਕੀਤਾ । ਡਾ. ਗਿੱਲ ਹੁਰਾਂ ਆਪਣੇ ਰੁਝੇਵਿਆਂ ਨੂੰ ਛੱਡ ਕੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਧੁਨਿਕ, ਅਕਾਦਮਿਕ ਤੌਰ ਤਰੀਕਿਆਂ ਦੇ ਬਾਰੇ ਤੇ ਵਿਦੇਸ਼ਾਂ ਵਿੱਚ ਬੱਚਿਆਂ ਦੇ ਭਵਿੱਖ ਸਬੰਧੀ ਚਲਾਏ ਜਾਂਦੇ ਸਿੱਖਿਆ ਸਿਸਟਮ ਬਾਰੇ ਜਾਣੂ ਕਰਵਾਇਆ।
ਮਿਸਜ਼ ਸ਼ੈਲਜਾ ਪਿ੍ਰਸੀਪਲ ਗੁਰੂ ਨਾਨਕ ਗਰਲਜ਼ ਕਾਲਜ ਅਤੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਦਾ ਫੁੱਲਾਂ ਦੇ ਗੁਲਦਸਤਿਆ ਨਾਲ ਨਿੱਘਾ ਸਵਾਗਤ ਕੀਤਾ ।ਉਪਰੰਤ ਡਾ. ਗਿੱਲ ਹੁਰਾਂ ਆਪਣੇ ਵਿੱਦਿਅਕ ਸਫਰ ਬਾਰੇ ਅਧਿਆਪਕ ਨੂੰ ਬਾਰੀਕੀ ਨਾਲ ਜਾਣੂ ਕਰਵਾਇਆ ਤਾਂ ਜੋ ਵਿਦਿਆਰਥੀ ਪ੍ਰੇਰਨਾ ਲੈ ਕੇ ਅੱਗੇ ਵਧ ਸਕਣ।
ਜਿੱਥੇ ਪ੍ਰਧਾਨ ਜੀ ਨੇ ਸਟਾਫ ਦੀ ਹਾਜ਼ਰੀ ਵਿੱਚ ਡਾ. ਗਿੱਲ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਉੱਥੇ ਇਨ੍ਹਾਂ ਦੇ ਸਿੱਖਿਆ ਦੇ ਪ੍ਰਬੰਧ ਨੂੰ ਰਾਹ ਦਸੇਰਾ ਦੱਸਿਆ। ਰਜਿੰਦਰ ਸ਼ਰਮਾ ਸਾਬਕਾ ਸਰਵ ਸਿੱਖਿਆ ਅਭਿਆਨ ਦੇ ਕੁਆਰਡੀਨੇਟਰ ਨੇ ਡਾ. ਗਿੱਲ ਦੀ ਪੰਜਾਬ ਦੀ ਵਿੱਦਿਅਕ ਲੜੀ ਦਾ ਉੱਤਮ ਮਾਹਿਰ ਦੱਸਿਆ ਜਿਨ੍ਹਾਂ ਸਦਕਾ ਇੰਨਾਂ ਤੋਂ ਪੜੇ ਵਿਦਿਆਰਥੀ ਵਿਦੇਸ਼ਾਂ ਵਿੱਚ ਇਨ੍ਹਾਂ ਦੇ ਗੁਣ ਗਾਉਂਦੇ ਹਨ। ਸ਼ਰਮਾ ਸਾਹਿਬ ਨੇ ਡਾਕਟਰ ਗਿੱਲ ਨੂੰ ਆਪਣਾ ਤਜ਼ਰਬਾ ਸਾਂਝਾ ਕਰਨ ਲਈ ਕਿਹਾ ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਬਹੁਤ ਹੀ ਸਰਲ ਸ਼ਬਦਾਂ ਵਿੱਚ ਸਟਾਫ ਨੂੰ ਅਪਨੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਵਾਸਤੇ ਪ੍ਰੇਰਿਤ ਕੀਤਾ।
ਡਾ. ਗਿੱਲ ਨੇ ਕਿਹਾ ਦੁਨੀਆਂ ਵਿੱਚ ਹਰ ਚੀਜ਼ ਮੁਮਕਿਨ ਹੈ ਜੇਕਰ ਤੁਸੀਂ ਉਸ ਨੂੰ ਪ੍ਰਾਪਤ ਕਰਨ ਵਿੱਚ ਸੁਹਿਰਦ ਹੋ ।ਉਨ੍ਹਾਂ ਕਿਹਾ ਕਿ ਜਿਹੜਾ ਬੱਚਾ ਜਦੋਂ ਇਸ ਸੰਸਾਰ ਵਿੱਚ ਆਉਂਦਾ ਹੈ ਉਸ ਦੇ ਭਵਿੱਖ ਨੂੰ ਬਣਾਉਣ ਅਤੇ ਖਰਾਬ ਕਰਨ ਵਿੱਚ ਮਾਪਿਆਂ, ਆਲਾ ਦੁਆਲਾ ਅਤੇ ਅਧਿਆਪਕ ਤੇ ਉਸ ਦੀ ਸੰਸਥਾ ਜ਼ਿੰਮੇਵਾਰ ਹੁੰਦੀ ਹੈ। ਜੇਕਰ ਅਧਿਆਪਕ ਬੱਚਿਆਂ ਪ੍ਰਤੀ ਵਿਸ਼ਵਾਸ ਪਾਤਰ ਹਨ ਤਾਂ ਉਹ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਵਿੱਚ ਕਾਮਯਾਬ ਹੁੰਦੇ ਹਨ ।ਬੱਚੇ ਤਾਂ ਹੀ ਚੰਗਾ ਮੁਕਾਮ ਹਾਸਲ ਕਰ ਸਕਦੇ ਹਨ। ਜੇਕਰ ਉਹ ਬੱਚੇ ਨੂੰ ਇਸ ਕਾਬਲ ਨਹੀਂ ਬਣਾਉਂਦੇ ਤਾਂ ਸਮਝੋ ਅਧਿਆਪਕ ਆਪਣੇ ਪ੍ਰੋਫੈਸ਼ਨ ਨਾਲ ਨਿਆਂ ਨਹੀਂ ਕਰ ਰਹੇ। ਸੋ ਅਧਿਆਪਕ ਬੱਚਿਆਂ ਦਾ ਭਵਿੱਖ ਹਨ। ਵਿਦਿਆਰਥੀਆਂ ਨੂੰ ਕਾਬਲ ਬਣਾਉਣ ਵਿੱਚ ਟੀਚਰਾਂ ਨੂੰ ਪੂਰਾ ਯੋਗਦਾਨ ਪਾਉਣ ਚਾਹੀਦਾ ਹੈ।
ਅਖੀਰ ਵਿੱਚ ਪ੍ਰਿੰਸੀਪਲ ਸ਼ੈਲਜਾ ਨੇ ਡਾ. ਗਿੱਲ ਦੀਆਂ ਗਤੀਵਿਧੀਆਂ ਅਤੇ ਸਿੱਖਿਆ ਪ੍ਰਤੀ ਸਮਰਪਿਤ ਭਾਵਨਾ ਨੂੰ ਸਲਾਹਿਆ ਅਤੇ ਭਵਿੱਖ ਵਿੱਚ ਮੁੜ ਕਾਲਜ ਆਉਣ ਦਾ ਸੱਦਾ ਦਿੱਤਾ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਹਰੇਕ ਕਲਾਸ ਦੇ ਸਰਵੋਤਮ ਵਿਦਿਆਰਥੀ ਨੂੰ 51 00/( ਅਕਵੰਜਾ ਸੋ) ਅਤੇ ਕਾਲਜ ਦੀ ਬਿਹਤਰ ਵਿਦਿਆਰਥਣ ਨੂੰ ਗਿਆਰਾਂ ਹਜ਼ਾਰ ਦਾ ਐਵਾਰਡ ਦੇਣ ਦਾ ਐਲਾਨ ਕੀਤਾ। ਪ੍ਰਬੰਧਕ ਕਮੇਟੀ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਨੂੰ ਸਨਮਾਨਤ ਕੀਤਾ ਅਤੇ ਯਾਦਗਾਰੀ ਤਸਵੀਰ ਨਾਲ ਸਟਾਫ ਦੀ ਹਾਜ਼ਰੀ ਦਾ ਗੁਣਗਾਨ ਕੀਤਾ, ਜੋ ਕਾਬਲੇ ਤਾਰੀਫ ਸੀ।