ਬਠਿੰਡਾ (ਗਗਨ ਦਮਾਮਾ ਬਿਓਰੋ) - ਡਾ. ਸੁਰਿੰਦਰ ਸਿੰਘ ਗਿੱਲ ਜੋ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਹਨ। ਉਨ੍ਹਾਂ ਵਲੋਂ ਆਪਣੇ ਪੁਰਾਣੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਸਟਾਫ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿੱਥੇ ਮੌਜੂਦਾ ਪ੍ਰਿੰਸੀਪਲ ਜਗਤਾਰ ਸਿੰਘ ਅਤੇ ਡਾਇਰੈਕਟਰ ਦਿਲਬਾਗ ਸਿੰਘ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਨੂੰ ਸਿੱਖਿਆ ਪੱਖੋਂ ਬਿਹਤਰ ਬਣਾਉਣ ਸਬੰਧੀ ਵਿਚਾਰਾਂ ਕੀਤੀਆਂ। ਉਪਰੰਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਵਲੋਂ ਅਪਨੀਆਂ ਕੁਝ ਮੁਸ਼ਕਲਾਂ ਨੂੰ ਸਾਂਝਾ ਕੀਤਾ। ਜਿਨ੍ਹਾਂ ਨੂੰ ਹੱਲ ਕਰਨ ਲਈ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਸੁਝਾਅ ਦਿੱਤੇ ਗਏ।
ਡਾ. ਗਿੱਲ ਨੇ ਕਿਹਾ ਕਿ ਸਰਕਾਰ ਦੇ ਜਿੱਤੇ ਨੁੰਮਾਇੰਦੇ ਇੱਕ ਤੋਂ ਵੱਧ ਪੈਨਸ਼ਨ ਲੈ ਸਕਦੇ ਹਨ, ਪਰ ਏਡਿਡ ਸਕੂਲ ਦੇ ਸਟਾਫ ਦੀ ਗ੍ਰਾਂਟ ਘਟਾਉਣਾ ਜਾਇਜ਼ ਨਹੀਂ ਹੈ। ਜਿਸ ਲਈ ਤੁਹਾਨੂੰ ਸਮੂਹਿਕ ਤੌਰ ਤੇ ਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਹੈ। ਸਟਾਫ ਵਲੋਂ ਆਪਣਾ ਨਾਮ ਗੁਪਤ ਰੱਖਣ ਦੇ ਇਵਜ਼ਾਨੇ ਵਿੱਚ ਦੱਸਿਆ ਕਿ ਜੇਕਰ ਸਰਕਾਰ ਦੇ ਖਿਲਾਫ ਕੋਈ ਬੀੜਾ ਚੁੱਕਦਾ ਹੈ ਤਾਂ ਸਰਕਾਰ ਉਸ ਤੇ ਨਜਾਇਜ਼ ਕੇਸ ਪਾ ਕੇ ਜੇਲ੍ਹ ਭੇਜ ਦਿੰਦੀ ਹੈ ਜਾਂ ਮਰਵਾ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਕੋਈ ਵੀ ਵਿਅਕਤੀ ਸਰਕਾਰ ਦੇ ਵਿਰੋਧ ਵਿੱਚ ਕੋਰਟ ਨਹੀਂ ਜਾਂਦਾ ਹੈ। ਜਿਸ ਕਰਕੇ ਸਿੱਖਿਆ ਦਾ ਭੱਠਾ ਸਰਕਾਰ ਨੇ ਬਿਠਾ ਦਿੱਤਾ ਹੈ। ਪ੍ਰਿੰਸੀਪਲ ਡਾ. ਗਿੱਲ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜੋ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਉਸ ਲਈ ਲੋੜੀਂਦੀ ਜਾਣਕਾਰੀ ਸੈਮੀਨਾਰ ਵਜੋਂ ਦਿੱਤੀ ਗਈ ਜਿਸ ਨੂੰ ਸਟਾਫ ਨੇ ਬਾਖੂਬ ਸਲਾਹਿਆ ਹੈ। ਸਟਾਫ਼ ਨੇ ਕਿਹਾ ਕਿ ਸਕੂਲ ਤੁਹਾਡੀਆਂ ਪਾਈਆਂ ਲੀਹਾਂ ਤੇ ਚੱਲ ਰਿਹਾ ਹੈ ਜਿਸ ਕਰਕੇ ਸਕੂਲ ਦੀ ਗਿਣਤੀ ਸੋਲਾ ਸੌ ਹੈ।
ਡਾਕਟਰ ਗਿੱਲ ਨੇ ਸਟਾਫ਼ ਦੀ ਮਿਹਨਤ ਅਤੇ ਸਿੱਖਿਆ ਪ੍ਰਤੀ ਇਮਾਨਦਾਰੀ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਦਿਲਬਾਗ ਸਿੰਘ ਸਕੂਲ ਡਾਇਰੈਕਟਰ ਵਲੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ ਅਤੇ ਸਟਾਫ ਨਾਲ ਸਮੂਹਿਕ ਯਾਦਗਾਰ ਤਸਵੀਰ ਖਿਚਵਾਈ।