ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ ਸੈਨ ਐਨਟੋਨੀਉ ਅਮਰੀਕਾ ਦੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ ਬਣੀ ਹੈ। ਅਮਰੀਕਾ ਦੀ ਕਮਰਸ਼ਲ ਕੰਪਨੀ ਵਲੋਂ ਇਸ ਦਸਤਾਰਧਾਰੀ ਮੁਟਿਆਰ ਨੂੰ ਪਾਇਲਟ ਨਿਯੁਕਤ ਕਰਕੇ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਬਾਰੇ ਪੂਰੇ ਸੰਸਾਰੇ ਦੇ ਸਿੱਖ ਫਖਰ ਨਾਲ ਮਾਣ ਮਹਿਸੂਸ ਕਰ ਰਹੇ ਹਨ। ਜਿੱਥੇ ਇਸ ਨਿਯੁਕਤੀ ਨਾਲ ਸਿੱਖੀ ਪਹਿਚਾਣ ਨੂੰ ਬਲ ਮਿਲਿਆ ਹੈ, ਉੱਥੇ ਦੂਸਰੀਆਂ ਭਾਰਤੀ ਮੁਟਿਆਰਾਂ ਨੂੰ ਵੀ ਸੇਧ ਮਿਲੀ ਹੈ।
ਮਾਰਚ 2008 ਵਿੱਚ ਸਿੱਖ ਕੁਲੀਸ਼ਨ ਵਲੋਂ ਅਰਪਿੰਦਰ ਕੌਰ ਨੂੰ ਦਸਤਾਰ ਨਾਲ ਜਹਾਜ਼ ਚਲਾਉਣ ਦੀ ਆਗਿਆ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਜਿਸ ਦੇ ਨਾਲ ਅਰਪਿੰਦਰ ਕੌਰ ਦੇ ਸੁਪਨੇ ਨੂੰ ਬੂਰ ਪਿਆ ਹੈ। ਅਰਪਿੰਦਰ ਕੌਰ 15 ਸਾਲ ਦੀ ਸੀ ਜਦੋਂ ਉਹ ਭਾਰਤ ਤੋਂ ਪਹਲੀ ਵਾਰ ਅਮਰੀਕਾ ਜਹਾਜ਼ ਵਿੱਚ ਸਵਾਰ ਹੋਈ ਸੀ। ਉਸ ਸਮੇਂ ਉਸਨੇ ਜਹਾਜ਼ ਦੇ ਚਾਲਕ ਨੂੰ ਪੁੱਛਿਆ ਸੀ ਕਿ ਉਹ ਜਹਾਜ਼ ਦੀ ਕੋਕਪਿਟ ਵਿੱਚ ਬੈਠ ਸਕਦੀ ਹੈ, ਪਰ ਉਹ ਸਮਾਂ 9/11 ਤੋਂ ਪਹਿਲਾਂ ਦਾ ਸੀ ਜਿਸ ਕਰਕੇ ਪਾਇਲਟ ਨੇ ਇੱਕ ਘੰਟਾ ਉਸਨੂੰ ਕੋਕਪਿਟ ਵਿੱਚ ਬੈਠਣ ਦਾ ਮੌਕਾ ਦਿੱਤਾ, ਜਿਸਨੇ ਅਰਪਿੰਦਰ ਕੌਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਭਾਵੇਂ ਉਸਨੇ ਸਿਸਟਮ ਇੰਜੀਨੀਅਰ ਦਾ ਕੋਰਸ ਕੀਤਾ ਸੀ ਪਰ ਮਾਪਿਆਂ ਦੇ ਸਹਿਯੋਗ ਅਤੇ ਉਸਦੇ ਦ੍ਰਿੜ ਇਰਾਦੇ ਨੇ ਉਸਨੂੰ ਪਾਇਲਟ ਵਜੋਂ ਉਭਾਰਿਆ ਜੋ ਉਸਨੇ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਸਿੱਖਾਂ ਲਈ ਇਹ ਬਹੁਤ ਵੱਡਾ ਮਾਰਕਾ ਹੈ ਜੋ ਸਿੱਖ ਕੁੜੀ ਨੇ ਅਮਰੀਕਾ ਵਿੱਚ ਪ੍ਰਾਪਤ ਕਰਕੇ ਮਜ਼ਬੂਤ ਧਾਰਮਿਕ ਜਜ਼ਬੇ ਤੇ ਸਿੱਖੀ ਪਹਿਚਾਣ ਨੂੰ ਚਮਕਾਇਆ ਹੈ ਜੋ ਅਮਰੀਕਾ ਦੀ ਅਬਾਦੀ ਲਈ ਸਾਂਝੀ ਸੋਚ ਦਾ ਪ੍ਰਤੀਕ ਹੈ।