* ਸੰਗਤਾਂ ਦੇ ਭਾਰੀ ਇਕੱਠ ਨਾਲ ਰਿਹਾ ਬੇਹੱਦ ਸਫਲ
ਮੈਰੀਲੈਂਡ (ਗਿੱਲ) - ਸ੍ਰੀ ਹਰਿਮੰਦਰ ਸਾਹਿਬ ਅਕੈਡਮੀ ਮੈਰੀਲੈਂਡ ਵਲੋਂ ਅਯੋਜਿਤ ਕੀਤਾ ਗਿਆ ਬਸੰਤ ਰਾਗ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਵਾਸ਼ਿੰਗਟਨ ਸਿੱਖ ਸੈਂਟਰ ਗੇਦਰਸਬਰਗ ਮੈਰੀਲੈਂਡ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 4 ਅਤੇ 5 ਮਾਰਚ 2017 ਨੂੰ ਇਸ ਮਹਾਨ ਸਮਾਗਮ ਵਿਚ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਜਿਨ੍ਹਾਂ ਵਿਚ ਭਾਈ ਸੱਜਣ ਸਿੰਘ ਨਿਊਯਾਰਕ, ਭਾਈ ਨਿਰਮਲ ਸਿੰਘ ਨਾਗਪੁਰੀ ਅਤੇ ਜਥਾ, ਭਾਈ ਅਮਰਜੀਤ ਸਿੰਘ ਜੀ ਨਾਰਥ ਕੈਰੋਲੀਨਾ, ਭਾਈ ਸਵਿੰਦਰ ਸਿੰਘ ਜੀ ਮੈਰੀਲੈਂਡ, ਭਾਈ ਕਰਮਜੀਤ ਸਿੰਘ ਨਿਊਜਰਸੀ, ਭਾਈ ਪ੍ਰਿਥੀਪਾਲ ਸਿੰਘ ਜੀ ਮੈਰੀਲੈਂਡ, ਭਾਈ ਜਸ਼ਨਪੀ੍ਰਤ ਸਿੰਘ ਅਤੇ ਸਮੂਹ ਸਾਥੀਆਂ ਨੇ ਗੁਰਬਾਣੀ ਰਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇੱਥੇ ਦੱਸਣਯੋਗ ਹੈ ਕਿ ਇਹ ਕੀਰਤਨ ਸਮਾਗਮ ਜਿੱਥੇ ਸਿੱਖ ਵਿਰਸੇ ਨੂੰ ਸਮਰਪਿਤ ਸੀ ਉੱਥੇ ਰਾਗ ਬਸੰਤ ਦੇ ਵੱਖਰੇ¸ਵੱਖਰੇ ਅੰਗਾਂ ਦਾ ਗਾਇਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵੱਖਰੇ ਅਤੇ ਨਿਵੇਕਲੇ ਸੰਗੀਤ ਘਰਾਣੇ ਦੀ ਮਹੱਤਤਾ ਉੱਤੇ ਚਾਨਣ ਪਾਇਆ ਗਿਆ। ਗੁਰੂ ਕੀ ਸਿੱਖ ਸੰਗਤ ਨੇ ਇਕ ਵੱਡੇ ਇਕੱਠ ਰਾਹੀਂ ਆਪਣੀ ਸ਼ਮੂਲੀਅਤ ਕੀਤੀ। ਜਿੱਥੇ ਗੁਰਬਾਣੀ ਅਤੇ ਸੰਗੀਤ ਦੇ ਸੁਮੇਲ ਰਾਹੀਂ ਕੀਰਤਨੀਆਂ ਨੇ ਸੰਗਤਾਂ ਦੇ ਹਿਰਦਿਆਂ ਨੂੰ ਸਰਸ਼ਾਰ ਕੀਤਾ ਉੱਥੇ ਸ੍ਰੀ ਹਰਿਮੰਦਰ ਸਾਹਿਬ ਅਕੈਡਮੀ ਮੈਰੀਲੈਂਡ ਵਲੋਂ ਭਾਈ ਸੱਜਣ ਸਿੰਘ ਜੀ (ਗੁ. ਸੰਤ ਸਾਗਰ ਨਿਊਯਾਰਕ) ਅਤੇ ਸ੍ਰ. ਉਜਾਗਰ ਸਿੰਘ ਬਾਵਾ ਨੂੰ ਉਹਨਾਂ ਦੀਆਂ ਸਿੱਖ ਪੰਥ ਪ੍ਰਤੀ ਸੇਵਾਵਾਂ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ਵਾਸ਼ਿੰਗਟਨ ਡੀ ਸੀ ਦੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਮੈਂਬਰਾਨ ਨੇ ਆਪਣੀ ਹਜ਼ਾਰੀ ਲਵਾਉਂਦਿਆਂ ਸਮੁੱਚੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਆਖਰ ਵਿਚ ਸ੍ਰ. ਬਖਸ਼ੀਸ਼ ਸਿੰਘ ਵਲੋਂ ਡਾ. ਗੁਰਨਾਮ ਸਿੰਘ ਮੁਖੀ ਗੁਰਮਤਿ ਸੰਗੀਤ ਚੇਅਰ ਭਾਸ਼ਾ ਵਿਭਾਗ ਪੰਜਾਬ ਵਲੋਂ ਲਿਖਤੀ ਸਨਮਾਨ ਪੱਤਰ ਪੜ੍ਹਕੇ ਸੁਣਾਇਆ ਅਤੇ ਭਾਈ ਸਵਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।